ਗੁਜਰਾਤ ਦੀ ਪੁਲਿਸ ਨੇ ਸ਼ਰਾਬ ਠੇਕੇਦਾਰ ਦੇ ਘਰ ਮਾਰੀ ਰੇਡ, ਪੁਲਿਸ ’ਤੇ ਜ਼ਬਰਦਸਤੀ ਘਰ ਵਿੱਚ ਦਾਖਲ ਹੋਣ ਦੇ ਲੱਗੇ ਇਲਜ਼ਾਮ

ਬਟਾਲਾ ਵਿੱਚ ਕੁਝ ਲੋਕ ਖ਼ੁਦ ਨੂੰ ਗੁਜਰਾਤ ਪੁਲਿਸ ਦੇ ਕ੍ਰਾਈਮ ਬਰਾਂਚ ਦੇ ਅਧਿਕਾਰੀ ਦੱਸ ਸ਼ਰਾਬ ਠੇਕੇਦਾਰ ਦੇ ਘਰ ਅੰਦਰ ਦਾਖਲ ਹੋ ਗਏ। ਇਸ ਮੌਕੇ ਉਹਨਾਂ ਨੇ ਇਲਜ਼ਾਮ ਲਾਏ ਕਿ ਉਕਤ ਸ਼ਰਾਬ ਠੇਕੇਦਾਰ ਤੇ ਗੁਜਰਾਤ ਵਿੱਚ ਸ਼ਰਾਬ ਦੀ ਤਸਕਰੀ ਦੇ ਇਲਜ਼ਾਮ ਹਨ। ਘਰ ਵਿੱਚ ਮੌਜੂਦ ਉਕਤ ਸ਼ਰਾਬ ਠੇਕੇਦਾਰ ਦੀ ਪਤਨੀ ਨੇ ਗੁਆਂਢੀ ਇਕੱਠੇ ਕੀਤੇ ਤੇ ਇਸ ਦੌਰਾਨ ਵਕੀਲ ਵੀ ਪਹੁੰਚੇ।
ਇਸ ਦੌਰਾਨ ਗੁਜਰਾਤ ਪੁਲਿਸ ਨੂੰ ਖਾਲੀ ਹੱਥ ਬਟਾਲਾ ਸਿਟੀ ਥਾਣੇ ਜਾਣਾ ਪਿਆ। ਦੱਸ ਦਈਏ ਕਿ ਇਹ ਮਾਮਲਾ ਬਟਾਲਾ ਦੇ ਕ੍ਰਿਸ਼ਨਾ ਨਗਰ ਮੁਹੱਲੇ ਵਿੱਚ ਅੱਜ ਸਵੇਰੇ ਹੀ ਹੰਗਾਮਾ ਹੋ ਗਿਆ ਜਦੋਂ ਸ਼ਰਾਬ ਦੇ ਠੇਕੇਦਾਰ ਦੇ ਘਰ ਗੁਜਰਾਤ ਤੋਂ ਪੁਲਿਸ ਪਹੁੰਚੀ। ਇਹ ਠੇਕੇਦਾਰ ਅੰਮ੍ਰਿਤਸਰ ਵਿੱਚ ਸ਼ਰਾਬ ਦੇ ਠੇਕਿਆਂ ਦੇ ਮਾਲਕ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਇਸ ਕਾਰੋਬਾਰ ਨਾਲ ਜੁੜਿਆ ਹੋਇਆ ਹੈ।
ਬਟਾਲਾ ਵਿੱਚ ਉਕਤ ਸ਼ਰਾਬ ਦੇ ਠੇਕੇਦਾਰ ਦੇ ਘਰ ਗੁਜਰਾਤ ਪੁਲਿਸ ਨੇ ਸ਼ਰਾਬ ਤਸਕਰੀ ਦੇ ਮਾਮਲੇ ਵਿੱਚ ਰੇਡ ਕੀਤੀ ਅਤੇ ਘਰ ਵਿੱਚ ਦਾਖਲ ਹੋ ਗਏ। ਉਕਤ ਪੁਲਿਸ ਅਧਿਕਾਰੀ ਖੁਦ ਨੂੰ ਕ੍ਰਾਈਮ ਬ੍ਰਾਂਚ ਦਾ ਅਧਿਕਾਰੀ ਦੱਸ ਰਿਹਾ ਹੈ। ਉਹਨਾਂ ਦੇ ਇਲਜ਼ਾਮ ਸਨ ਕਿ ਉਹ ਪੰਜਾਬ ਤੋਂ ਉਕਤ ਇਹ ਠੇਕੇਦਾਰ ਗੁਜਰਾਤ ਵਿੱਚ ਸ਼ਰਾਬ ਦੀ ਤਸਕਰੀ ਕਰਦਾ ਹੈ।
ਉੱਥੇ ਹੀ ਸ਼ਰਾਬ ਠੇਕੇਦਾਰ ਦੀ ਪਤਨੀ ਅਤੇ ਗੁਆਂਢੀ ਦਾ ਇਲਜ਼ਾਮ ਸੀ ਕਿ ਇਹ ਗੁਜਰਾਤ ਪੁਲਿਸ ਬਿਨਾਂ ਸਥਾਨਿਕ ਪੁਲਿਸ ਨੂੰ ਸੂਚਿਤ ਕੀਤੇ ਉਹਨਾਂ ਦੇ ਘਰ ਵਿੱਚ ਜ਼ਬਰਦਸਤੀ ਦਾਖਲ ਹੋ ਗਏ ਜਦਕਿ ਇਸ ਸਾਰੇ ਹੰਗਾਮੇ ਤੋਂ ਬਾਅਦ ਬਟਾਲਾ ਪੁਲਿਸ ਵੀ ਮੌਕੇ ਤੇ ਪਹੁੰਚੀ। ਗੁਜਰਾਤ ਪੁਲਿਸ ਅਧਿਕਾਰੀ ਬਿਨਾਂ ਕਿਸੇ ਗ੍ਰਿਫ਼ਤਾਰੀ ਖਾਲੀ ਹੱਥ ਮੁੜ ਗਏ।
ਉੱਥੇ ਹੀ ਬਟਾਲਾ ਸਿਟੀ ਪੁਲਿਸ ਥਾਣੇ ਦੇ ਐਸਐਚਓ ਸੁਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਗੁਜਰਾਤ ਪੁਲਿਸ ਟੀਮ ਬਟਾਲਾ ਦੇ ਸ਼ਰਾਬ ਠੇਕੇਦਾਰ ਅਨਿਲ ਕੋਛੜ ਨੂੰ ਗ੍ਰਿਫ਼ਤਾਰ ਕਰਨ ਆਈ ਸੀ ਗੁਜਰਾਤ ਦੇ ਜ਼ਿਲ੍ਹਾ ਡੋਡਾ ਵਿਖੇ ਸ਼ਰਾਬ ਤਸਕਰੀ ਦਾ ਕੇਸ 2015 ਵਿੱਚ ਦਰਜ ਕੀਤਾ ਗਿਆ ਸੀ ਜਿਸ ਵਿੱਚ ਓਥੋਂ ਦੇ ਰਹਿਣ ਵਾਲੇ ਇੱਕ ਮੁਲਜ਼ਮ ਨੂੰ ਗੁਜਰਾਤ ਪੁਲਿਸ ਨੇ ਕਾਬੂ ਕੀਤਾ ਸੀ ਜਿਸ ਨੇ ਪੁੱਛਗਿੱਛ ਦੌਰਾਨ ਗੁਜਰਾਤ ਪੁਲਿਸ ਨੂੰ ਅਨਿਲ ਕੋਛੜ ਦਾ ਨਾਮ ਦੱਸਿਆ ਸੀ ਕਿ ਉਹ ਬਟਾਲਾ ਦੇ ਇਸ ਸ਼ਰਾਬ ਠੇਕੇਦਾਰ ਕੋਲੋਂ ਸ਼ਰਾਬ ਤਸਕਰੀ ਕਰਕੇ ਗੁਜਰਾਤ ਵੇਚਦੇ ਸੀ। ਗੁਜਰਾਤ ਟੀਮ ਨੂੰ ਥਾਣੇ ਬੁਲਾਇਆ ਗਿਆ ਹੈ ਜਾਂਚ ਕਰਦੇ ਹੋਏ ਅਗਲੀ ਕਾਰਵਾਈ ਕੀਤੀ ਜਾਵੇਗੀ।