ਗੁਜਰਾਤ ਤੇ ਹਿਮਾਚਲ ‘ਚ ਨਹੀਂ ਚੱਲਿਆ ‘ਆਪ’ ਦਾ ਜਾਦੂ, ‘ਆਪ’ ਦੀ ਝੂਠੀ ਸਿਆਸਤ ਨੂੰ ਮੂਲੋਂ ਨਾਕਾਰਿਆ: ਸ਼੍ਰੋਮਣੀ ਅਕਾਲੀ ਦਲ

ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿੱਚ ਆਪ ਨੂੰ ਮਿਲੀ ਹਾਰ ਤੋਂ ਬਾਅਦ ਵਿਰੋਧੀ ਪਾਰਟੀਆਂ ਆਪ ਨੂੰ ਘੇਰਨ ਦਾ ਮੌਕਾ ਨਹੀਂ ਛੱਡ ਰਹੀਆਂ। ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਭਾਜਪਾ ਦੀ ਬੀ ਟੀਮ ਕਿਹਾ ਹੈ ਅਤੇ ਅਕਾਲੀ ਦਲ ਨੇ ਕਿਹਾ ਕਿ ਪੰਜਾਬ ਦੇ ਅਮਨ ਕਾਨੂੰਨ ਤੇ ਸੁਰੱਖਿਆ ਨੂੰ ਦੇਖ ਕੇ ਉਪਰੋਕਤ ਦੋਹਾਂ ਰਾਜਾਂ ਨੇ ਆਮ ਆਦਮੀ ਪਾਰਟੀ ਨੂੰ ਨਾਕਾਰ ਦਿੱਤਾ ਹੈ।
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੇ ਚੋਣ ਨਤੀਜਿਆਂ ਵਿੱਚ ਜਨਤਾ ਨੇ ਕੇਜਰੀਵਾਲ ਤੇ ਆਪ ਦੀ ਝੂਠੀ ਸਿਆਸਤ ਨੂੰ ਮੂਲੋਂ ਨਾਕਾਰ ਦਿੱਤਾ ਹੈ। ਕੇਜਰੀਵਾਲ ਦੇ ਸਿਆਸੀ ਹਿੱਤਾਂ ਲਈ ਪੰਜਾਬ ਦੇ ਅਮਨ ਕਾਨੂੰਨ, ਸੁਰੱਖਿਆ ਤੇ ਪੈਸੇ ਦੀ ਕੁਰਬਾਨੀ ਦੇਣ ਵਾਲੇ ਭਗਵੰਤ ਮਾਨ ਦੇ ਪੰਜਾਬ ਵਿਚਲੇ ਬਦਲਾਅ ਨੂੰ ਦੇਖ ਕੇ ਹੀ ਉਪਰੋਕਤ ਦੋਹਾਂ ਰਾਜਾਂ ਨੇ ਆਪ ਨੂੰ ਧੂੜ ਚਟਾਈ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸੰਘ ਰਾਜਾ ਵੜਿੰਗ ਨੇ ਕਿਹਾ ਕਿ ਗੁਜਰਾਤ ਵਿੱਚ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਨੇ ‘ਫਿਕਸ ਮੈਚ’ ਖੇਡਿਆ ਹੈ। ਉਹਨਾਂ ਕਿਹਾ ਕਿ ਪਹਿਲੇ ਦਿਨ ਤੋਂ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਆਪ ਗੁਜਰਾਤ ਵਿੱਚ ਭਾਜਪਾ ਦੀ ਮਦਦ ਕਰ ਰਹੀ ਸੀ ਤੇ ਹੁਣ ਇਹ ਗੱਲ ਸਾਹਮਣੇ ਆ ਗਈ ਹੈ।
ਉਹਨਾਂ ਕਿਹਾ ਕਿ ਹਿਮਾਚਲ ਵਿੱਚ ਆਪ ਦਾ ਕੋਈ ਆਧਾਰ ਨਹੀਂ ਹੈ ਤੇ ਕਾਂਗਰਸ ਨੇ ਆਸਾਨੀ ਨਾਲ ਭਾਜਪਾ ਨੂੰ ਖੁੱਡੇ ਲਾਈਨ ਲਾ ਦਿੱਤਾ ਹੈ। ਰਾਜਾ ਵੜਿੰਗ ਨੇ ਹਿਮਾਚਲ ਪ੍ਰਦੇਸ਼ ਵਿੱਚ ਪਾਰਟੀ ਦੀ ਜਿੱਤ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਪੂਰੇ ਦੇਸ਼ ਤੇ ਖਾਸ ਕਰਕੇ ਗੁਆਂਢੀ ਸੂਬੇ ਪੰਜਾਬ ਦੇ ਵਰਕਰਾਂ ਵਿੱਚ ਉਤਸ਼ਾਹਜਨਕ ਹੈ।
ਉਹਨਾਂ ਕਿਹਾ ਕਿ ਉਂਝ ਇਹਨਾਂ ਨਤੀਜਿਆਂ ਵਿੱਚ ਇੱਕ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ‘ਆਪ’ ਦਾ ਗੁਬਾਰਾ ਫਟ ਗਿਆ ਹੈ। ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਪ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿੱਚ ਦਿੱਲੀ ਤੇ ਪੰਜਾਬ ਦੇ ਸ਼ਾਸਨ ਦੇ ਮਾਡਲਾਂ ਨੂੰ ਵੇਚਣ ਵਿੱਚ ਅਸਫ਼ਲ ਰਹੀ ਹੈ।
ਇਸ ਦੇ ਨਾਲ ਹੀ ਬਾਜਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਪੱਛਮੀ ਰਾਜ ਤੇ ਪਹਾੜੀ ਰਾਜ ਦੇ ਵੋਟਰਾਂ ਨੂੰ ਦਿੱਲੀ ਤੇ ਪੰਜਾਬ ਮਾਡਲਾਂ ਨੂੰ ਵੇਚਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਨੇ ‘ਆਪ’ ਆਗੂਆਂ ਦੁਆਰਾ ਕੀਤੇ ਜਾ ਰਹੇ ਝੂਠੇ ਪ੍ਰਚਾਰ ਤੋਂ ਗੁਮਰਾਹ ਹੋਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ, ‘‘ਗੁਜਰਾਤ ਤੇ ਹਿਮਾਚਲ ਵਾਸੀਆਂ ਨੇ ਸਿੱਧ ਕਰ ਦਿੱਤਾ ਹੈ ਕਿ ਮੁਫ਼ਤ ਦਾ ਐਲਾਨ ਕਰਨਾ ਤੇ ਵੋਟਰਾਂ ਨੂੰ ਮੁਫ਼ਤ ਸੇਵਾਵਾਂ ਦਾ ਵਾਅਦਾ ਕਰਨਾ ਹਮੇਸ਼ਾ ਮਦਦ ਨਹੀਂ ਕਰਦਾ।’’