ਗਾਜ਼ੀਪੁਰ ਬਾਰਡਰ ਮੁੜ ਤੋਂ ਖੁੱਲ੍ਹਿਆ, ਆਵਾਜਾਈ ਹੋਈ ਆਸਾਨ

ਖੇਤੀ ਕਾਨੂੰਨ ਖਿਲਾਫ਼ ਚਲ ਰਹੇ ਕਿਸਾਨ ਅੰਦੋਲਨ ਕਾਰਨ ਦਿੱਲੀ ਦੀਆਂ ਕਈ ਸਰਹੱਦਾਂ ’ਤੇ ਕਿਸਾਨਾਂ ਨੇ ਪੱਕੇ ਡੇਰੇ ਲਗਾਏ ਹੋਏ ਹਨ। ਪਰ ਹੁਣ ਕਿਸਾਨਾਂ ਵੱਲੋਂ ਐਤਵਾਰ ਦੇਰ ਰਾਤ ਨੂੰ ਗਾਜ਼ੀਆਬਾਦ ਦਾ ਰੋਡ ਖੋਲ੍ਹ ਦਿੱਤਾ ਗਿਆ ਹੈ। ਇਹ ਰੂਟ ਦਿੱਲੀ ਪੁਲਿਸ ਅਤੇ ਗਾਜ਼ੀਆਬਾਦ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਖੋਲ੍ਹਿਆ ਗਿਆ ਹੈ।

26 ਜਨਵਰੀ ਦੀ ਘਟਨਾ ਤੋਂ ਬਾਅਦ ਦਿੱਲੀ ਗਾਜ਼ੀਪੁਰ ਬਾਰਡਰ ਨੂੰ ਪੂਰਨ ਤੌਰ ’ਤੇ ਸੀਲ ਕਰ ਦਿੱਤਾ ਗਿਆ ਸੀ। ਦਸ ਦਈਏ ਕਿ ਜਿਹੜਾ ਰਸਤਾ ਦਿੱਲੀ ਤੋਂ ਗਾਜ਼ੀਆਬਾਦ ਨੋਇਡਾ ਅਤੇ ਮੇਰਠ ਵੱਲ ਜਾਂਦਾ ਹੈ ਸਿਰਫ ਉਸ ਫਲਾਈਓਵਰ ਨੂੰ ਖੋਲ੍ਹਿਆ ਗਿਆ ਹੈ ਪਰ ਜੇ ਤੁਸੀਂ NH24 ਦੇ ਰਸਤੇ ਮੇਰਠ, ਨੋਇਢਾ ਅਤੇ ਗਾਜ਼ੀਆਬਾਦ ਤੋਂ ਦਿੱਲੀ ਵੱਲੋਂ ਆਉਣਾ ਚਾਹੁੰਦੇ ਹਨ ਤਾਂ ਉਹ ਰਸਤਾ ਫਿਲਹਾਲ ਦਿੱਲੀ ਪੁਲਿਸ ਦੀ ਬੈਰੀਕੇਟਿੰਗ ਦੇ ਚਲਦੇ ਬੰਦ ਹੈ।
ਇਸ ਰੋਡ ’ਤੇ ਅਜੇ ਵੀ ਕਿਸਾਨ ਧਰਨੇ ਦੇ ਰਹੇ ਹਨ। ਨੈਸ਼ਨਲ ਹਾਈਵੇਅ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਬੀਤੇ 3 ਮਹੀਨਿਆਂ ਤੋਂ ਲੋਕ ਕਈ ਘੰਟਿਆਂ ਦੇ ਜਾਮ ਅਤੇ ਦੂਜੇ ਲੰਬੇ ਰੂਟ ਤੋਂ ਅਪਣੇ ਘਰਾਂ ਅਤੇ ਦਫ਼ਤਰਾਂ ਵੱਲ ਜਾ ਰਹੇ ਸੀ।
ਦਸ ਦਈਏ ਕਿ ਖੇਤੀ ਕਾਨੂੰਨਾਂ ਦਾ ਰੇੜਕਾ ਅਜੇ ਤਕ ਚਲ ਰਿਹਾ ਹੈ। ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦਾ ਅੰਦੋਲਨ ਪਿਛਲੇ ਸਾਲ 26 ਨਵੰਬਰ ਤੋਂ ਲਗਾਤਾਰ ਜਾਰੀ ਹੈ। ਕਿਸਾਨਾਂ ਨੇ ਸਰਕਾਰ ਨੂੰ ਸਪੱਸ਼ਟ ਸ਼ਬਦਾ ਵਿੱਚ ਕਹਿ ਦਿੱਤਾ ਹੈ ਕਿ ਉਹ ਜਲਦ ਤੋਂ ਜਲਦ ਉਹਨਾਂ ਦੀਆਂ ਮੰਗਾਂ ਮੰਨਣ ਨਹੀਂ ਤਾਂ ਉਹਨਾਂ ਦਾ ਅੰਦੋਲਨ ਇਸੇ ਤਰ੍ਹਾਂ ਚਲਦਾ ਰਹੇਗਾ।
