ਗਾਜ਼ੀਪੁਰ ਬਾਰਡਰ ‘ਤੇ ਪੁਲਿਸ ਨੇ ਹਟਾਈਆਂ ਕਿੱਲਾਂ

ਕਿਸਾਨ ਅੰਦੋਲਨ ਦੇ ਮੱਦੇਨਜ਼ਰ ਬੀਤੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਗਾਜ਼ੀਪੁਰ ਬਾਰਡਰ ਤੋਂ ਵੀਰਵਾਰ ਨੂੰ ਇਕ ਹੋਰ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਰੋਕਣ ਲਈ ਪ੍ਰਸ਼ਾਸਨ ਵਲੋਂ ਗਾਜ਼ੀਪੁਰ ਸਰਹੱਦ ‘ਤੇ ਬੈਰੀਕੇਡਿੰਗ ਦੇ ਨਾਲ ਹੀ ਮੇਖਾਂ ਵੀ ਲਗਾਈਆਂ ਗਈਆਂ ਸਨ।

ਜਿਸ ਤੋਂ ਬਾਅਦ ਪ੍ਰਸ਼ਾਸਨ ਅਤੇ ਦਿੱਲੀ ਪੁਲਸ ਦੇ ਇਸ ਕਦਮ ਦੀ ਆਲੋਚਨਾ ਹੋ ਰਹੀ ਸੀ। ਆਲੋਚਨਾ ਅਤੇ ਵਿਵਾਦ ਤੋਂ ਬਾਅਦ ਆਖ਼ਰਕਾਰ ਸੜਕ ‘ਤੇ ਲਾਈਆਂ ਗਈਆਂ ਲੋਹੇ ਦੀਆਂ ਮੇਖਾਂ ਕੱਢਵਾ ਦਿੱਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਪੁਲਸ ਨੇ ਪ੍ਰਦਰਸ਼ਨ ਵਾਲੀ ਜਗ੍ਹਾ ਕਈ ਪੱਧਰਾਂ ‘ਤੇ ਬੈਰੀਕੇਡ ਲਗਾਏ ਹਨ ਅਤੇ ਸੁਰੱਖਿਆ ਫ਼ੋਰਸਾਂ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ।
ਗਾਜ਼ੀਪੁਰ ਬਾਰਡਰ ‘ਤੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਅਤੇ ਇਨ੍ਹਾਂ ਦੇ ਆਗੂ ਰਾਕੇਸ਼ ਟਿਕੈਤ ਯੂ.ਪੀ. ਗੇਟ ‘ਤੇ ਨਵੰਬਰ ਤੋਂ ਡਟੇ ਹੋਏ ਹਨ। ਸਥਿਤੀ ‘ਤੇ ਨਜ਼ਰ ਰੱਖਣ ਲਈ ਪੁਲਸ ਵਲੋਂ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਤੋਂ ਹੋਰ ਵੱਧ ਕਿਸਾਨ ਪ੍ਰਦਰਸ਼ਨ ‘ਚ ਸ਼ਾਮਲ ਹੋਣ ਲਈ ਆ ਰਹੇ ਹਨ। ਪੈਦਲ ਜਾਣ ਵਾਲੇ ਲੋਕਾਂ ਨੂੰ ਰੋਕਣ ਲਈ ਬੈਰੀਕੇਡ ਤੋਂ ਇਲਾਵਾ ਕੰਡੀਲੀਆਂ ਤਾਰਾਂ ਲਾਈਆਂ ਗਈਆਂ ਅਤੇ ਜਗ੍ਹਾ-ਜਗ੍ਹਾ ਸੜਕ ‘ਤੇ ਮੇਖਾਂ ਵੀ ਲਾਈਆਂ ਗਈਆਂ ਸਨ। ਇਹ ਕਿੱਲ ਵੀਰਵਾਰ ਨੂੰ ਉਖਾੜ ਦਿੱਤੇ ਗਏ।
