Punjab

ਗਾਇਕਾਂ ਨੇ ਗੀਤਾਂ ਨਾਲ ਕਿਸਾਨਾਂ ਦੀ ਕੀਤੀ ਹੌਂਸਲਾ ਅਫ਼ਜਾਈ, ਸਰਕਾਰ ਨੂੰ ਪਾਈਆਂ ਲਾਹਣਤਾਂ

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਪਿਛਲੇ ਡੇਢ ਮਹੀਨੇ ਤੋਂ ਡਟੇ ਹੋਏ ਹਨ। ਕਿਸਾਨ ਕਾਲਾਝਾੜ ਵਿਖੇ ਟੋਲ ਪਲਾਜ਼ਾ ਸਮੇਤ ਬਾਲਦ ਖੁਰਦ ਵਿਖੇ ਇਕ ਨਿੱਜੀ ਕੰਪਨੀ ਦੇ ਪੈਟਰੋਲ ਪੰਪ ਅੱਗੇ ਧਰਨਿਆਂ ਤੇ ਡਟੇ ਹੋਏ ਹਨ। ਮੰਗਲਵਾਰ ਨੂੰ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ ਕਲਾਕਾਰ ਕਾਲਾਝਾੜ ਟੋਲ ਪਲਾਜ਼ਾ ਤੇ ਲੱਗੇ ਧਰਨੇ ਤੇ ਪਹੁੰਚੇ ਸਨ।

ਪੰਜਾਬ ਦੇ ਮਸ਼ਹੂਰ ਗਾਇਕ ਕੰਵਰ ਗਰੇਵਾਲ ਅਤੇ ਹਰਫ਼ ਚੀਮਾ ਨੇ ਕਿਸਾਨਾਂ ਨੂੰ ਅਪੀਲੀ ਕੀਤੀ ਕਿ ਅਪਣੇ ਹੱਕਾਂ ਦੀ ਲੜਾਈ ਲਈ 26 ਤੇ 27 ਨਵੰਬਰ ਨੂੰ ਕਿਸਾਨ ਵੱਧ ਤੋਂ ਵੱਧ ਗਿਣਤੀ ਵਿੱਚ ਦਿੱਲੀ ਵੱਲ ਕੂਚ ਕਰਨ। ਧਰਨੇ ਵਿੱਚ ਸ਼ਾਮਲ ਹੋ ਕੇ ਗਰੇਵਾਲ ਅਤੇ ਚੀਮਾ ਨੇ ਕਿਸਾਨ ਪੱਖੀ ਗੀਤ ਗਾਏ ਅਤੇ ਕਿਸਾਨਾਂ ਨੂੰ ਹੱਲਸ਼ੇਰੀ ਵੀ ਦਿੱਤੀ।

ਉਹਨਾਂ ਨੇ ਮੋਦੀ ਸਰਕਾਰ ਨੂੰ ਜੰਮ ਕੇ ਲਾਹਣਤਾਂ ਵੀ ਪਾਈਆਂ ਤੇ ਕਿਸਾਨ ਵਿਰੋਧੀ ਨੀਤੀਆਂ ਦੀ ਵੀ ਨਿਖੇਧੀ ਕੀਤੀ। ਉਹਨਾਂ ਨੇ ਗੀਤ ਗਾਉਂਦਿਆਂ ਸਰਕਾਰ ਨੂੰ ਲਾਹਣਤਾਂ ਵੀ ਪਾਈਆਂ ਕਿ ਦੇਸ਼ ਦਾ ਅੰਨਦਾਤਾ ਅਪਣੇ ਪਰਿਵਾਰਾਂ ਸਮੇਤ ਆਪਣੀ ਹੋਂਦ ਬਚਾਉਣ ਲਈ ਸੜਕਾਂ ਤੇ ਸੰਘਰਸ਼ ਕਰਨ ਲਈ ਮਜ਼ਬੂਰ ਹੈ।

ਇਸ ਮੌਕੇ ਭਾਕਿਯੂ ਏਕਤਾ (ਉਗਰਾਹਾਂ) ਬਲਾਕ ਭਵਾਨੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਦੱਸਿਆ 26 ਤੇ 27 ਤਰੀਕ ਨੂੰ ਬਲਾਕ ਭਵਾਨੀਗੜ੍ਹ ’ਚੋਂ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਦਿੱਲੀ ਵੱਲ ਰਵਾਨਾ ਹੋਣਗੇ। ਜਿਸ ਸਬੰਧੀ ਤਿਆਰੀਆਂ ਜ਼ੋਰਾਂ ’ਤੇ ਕੀਤੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਪੈ ਰਹੀ ਠੰਡ ਦੇ ਹਿਸਾਬ ਨਾਲ ਕਿਸਾਨ ਆਪਣੇ ਨਾਲ ਕੱਪੜੇ ਲੀੜੇ ਤੇ ਖਾਣ ਪੀਣ ਦਾ ਰਾਸ਼ਨ ਆਦਿ ਨਾਲ ਲੈ ਕੇ ਜਾਣਗੇ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਭਵਾਨੀਗੜ੍ਹ-ਨਾਭਾ ਮੁੱਖ ਮਾਰਗ ਤੇ ਸਥਿਤ ਟੋਲ ਪਲਾਜ਼ਾ ਮਾਝੀ ਵਿਖੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਬਲਾਕ ਆਗੂ ਰਣਧੀਰ ਸਿੰਘ ਭੱਟੀਵਾਲ, ਸੁਖਦੇਵ ਸਿੰਘ ਬਾਲਦ, ਅੰਗ੍ਰੇਜ਼ ਸਿੰਘ, ਬੁੱਧ ਸਿੰਘ ਬਾਲਦ,

ਹਰਭਜਨ ਸਿੰਘ ਬਖੋਪੀਰ, ਲਾਭ ਸਿੰਘ ਭੜੋ, ਨੰਦ ਸਿੰਘ ਬਲਿਆਲ, ਸੁਰਜੀਤ ਕੌਰ ਮਾਝੀ ਅਤੇ ਜਰਨੈਲ ਸਿੰਘ ਮਾਝੀ ਨੇ ਕਿਹਾ ਕਿ ਕਿਸਾਨਾਂ ਦੇ ਦ੍ਰਿੜ ਸੰਘਰਸ਼ ਸਦਕਾ ਮੋਦੀ ਸਰਕਾਰ ਪੰਜਾਬ ਦੇ ਕਿਸਾਨ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਲਈ ਮਜ਼ਬੂਰ ਹੋਈ ਹੈ ਅਤੇ ਇਹ ਸੰਘਰਸ਼ ਕਾਲੇ ਕਾਨੂੰਨ ਵਾਪਸ ਕਰਾਉਣ ਤੱਕ ਜਾਰੀ ਰਹੇਗਾ।  

Click to comment

Leave a Reply

Your email address will not be published. Required fields are marked *

Most Popular

To Top