ਗਣਤੰਤਰ ਦਿਵਸ ਦੇ ਮੱਦੇਨਜ਼ਰ ਜਲੰਧਰ ਟਰੈਫਿਕ ਡਾਇਵਰਟ, ਇਹ ਰਸਤੇ ਰਹਿਣਗੇ ਬੰਦ

ਗਣਤੰਤਰ ਦਿਵਸ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਹੋਣ ਜਾ ਰਹੇ ਸਮਾਰੋਹ ਕਾਰਨ ਟਰੈਫਿਕ ਪੁਲਿਸ ਨੇ 26 ਜਨਵਰੀ ਨੂੰ ਉਕਤ ਰੂਟ ਤੇ ਬੱਸ ਸਟੈਂਡ ਤੋਂ ਚੱਲਣ ਅਤੇ ਜਾਣ ਵਾਲੇ ਟਰੈਫਿਕ ਨੂੰ ਡਾਈਵਰਟ ਕੀਤਾ ਹੈ। ਸਵੇਰੇ 7 ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਇਹ ਰੂਟ ਬੰਦ ਰਹਿਣਗੇ। ਏਡੀਸੀਪੀ ਟਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਬੱਸ ਸਟੈਂਡ ਤੋਂ ਕਪੂਰਥਲਾ ਨੂੰ ਆਉਣ-ਜਾਣ ਵਾਲੀਆਂ ਬੱਸਾਂ, ਹੈਵੀ ਵਹੀਕਲ ਪੀਏਪੀ ਚੌਂਕ ਤੋਂ ਕਰਤਾਰਪੁਰ ਰੂਟ ਦੀ ਵਰਤੋਂ ਕਰਦਿਆਂ ਕਪੂਰਥਲਾ ਜਾਣਗੇ।
ਨਕੋਦਰ ਅਤੇ ਸ਼ਾਹਕੋਟ ਸਾਈਡ ਨੂੰ ਆਉਣ-ਜਾਣ ਵਾਲਾ ਹਰ ਤਰ੍ਹਾਂ ਦਾ ਟਰੈਫਿਕ ਬੱਸ ਸਟੈਂਡ ਤੋਂ ਸਮਰਾ ਚੌਂਕ, ਕੂਲ ਰੋਡ, ਅਰਬਨ ਅਸਟੇਟ ਫੇਜ਼-2 ਅਤੇ ਪ੍ਰਤਾਪਪੁਰਾ ਰੂਟ ਦੀ ਵਰਤੋਂ ਕਰੇਗਾ, ਜਦਕਿ ਵਡਾਲਾ ਚੌਂਕ ਅਤੇ ਗੁਰੂ ਰਵਿਦਾਸ ਚੌਂਕ ਰੂਟ ਤੇ ਹਰ ਤਰ੍ਹਾਂ ਦੇ ਟਰੈਫਿਕ ਦਾ ਆਉਣਾ-ਜਾਣਾ ਪੂਰੀ ਤਰ੍ਹਾਂ ਬੰਦ ਰਹੇਗਾ।
ਏਡੀਸੀਪੀ ਨੇ ਕਿਹਾ ਕਿ ਸਟੇਡੀਅਮ ਵਿੱਚ ਆਉਣ ਵਾਲੀਆਂ ਬੱਸਾਂ ਲਈ ਮਿਲਕ ਬਾਰ ਚੌਂਕ ਤੋਂ ਟੀ-ਪੁਆਇੰਟ ਨਕੋਦਰ ਰੋਡ ਦੀਆਂ ਦੋਵਾਂ ਸਾਈਡਾਂ ਤੇ ਪਾਰਕਿੰਗ ਹੋਵੇਗੀ ਅਤੇ ਦੂਜੀ ਪਾਰਕਿੰਗ ਸਿਟੀ ਹਸਪਤਾਲ ਤੋਂ ਗੀਤਾ ਮੰਦਿਰ ਰੋਡ ਦੀਆਂ ਦੋਵਾਂ ਸਾਈਡਾਂ ਤੇ ਹੋਵੇਗੀ। ਇਸੇ ਤਰ੍ਹਾਂ ਕਾਰ ਪਾਰਕਿੰਗ ਮਿਲਕ ਬਾਰ ਚੌਂ ਤੋਂ ਮਸੰਦ ਚੌਂਕ ਰੋਡ ਦੇ ਦੋਵੇਂ ਪਾਸੇ ਅਤੇ ਦੂਜੀ ਪਾਰਕਿੰਗ ਮਸੰਦ ਚੌਂਕ ਤੋਂ ਗੀਤਾ ਮੰਦਿਰ ਰੋਡ ਤੇ ਸੜਕ ਦੇ ਦੋਵੇਂ ਪਾਸੇ ਬਣਾਈ ਗਈ ਹੈ।
ਚਾਹਲ ਨੇ ਕਿਹਾ ਕਿ 26 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਲਗਦੇ ਮੇਨ ਰੋਡ ਅਤੇ ਲਿੰਕ ਰੋਡ ਦੀ ਵਰਤੋਂ ਕਰਨ ਦੀ ਥਾਂ ਬਦਲੇ ਹੋਏ ਰੂਟ ਦੀ ਹੀ ਵਰਤੋਂ ਕਰਨ ਤਾਂ ਕਿ ਟਰੈਫਿਕ ਜਾਮ ਤੋਂ ਬਚਿਆ ਜਾ ਸਕੇ। ਮੰਗਲਵਾਰ ਨੂੰ ਟਰੈਫਿਕ ਪੁਲਿਸ ਵੱਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਸੜਕ ਨੂੰ ਬੰਦ ਕਰਕੇ ਇਕ ਵਾਰ ਟਰਾਇਲ ਵੀ ਲਿਆ ਗਿਆ। ਲੋਕਾਂ ਦੀ ਸਹੂਲਤ ਲਈ ਟਰੈਫਿਕ ਪੁਲਸ ਨੇ ਹੈਲਪਲਾਈਨ ਨੰਬਰ 0181-2227296 ਵੀ ਜਾਰੀ ਕੀਤਾ ਹੈ।
ਬੀਐੱਮਸੀ ਚੌਂਕ ਤੋਂ ਕੂਲ ਰੋਡ ਨੂੰ ਜਾਣ ਵਾਲੀ ਸੜਕ ਪਹਿਲਾਂ ਤੋਂ ਹੀ ਬੰਦ ਹੈ ਕਿਉਂਕਿ ਉਕਤ ਰੋਡ ’ਤੇ ਰਿਪੇਅਰ ਦਾ ਕੰਮ ਚੱਲ ਰਿਹਾ ਹੈ। ਅਜਿਹੇ ਵਿਚ 26 ਜਨਵਰੀ ਨੂੰ ਉਕਤ ਰੋਡ ’ਤੇ ਭਿਆਨਕ ਜਾਮ ਲੱਗ ਸਕਦਾ ਹੈ। ਕੂਲ ਰੋਡ ਨੂੰ ਬੰਦ ਕਰਨ ਕਾਰਨ ਕੁਝ ਟਰੈਫਿਕ ਗਲੀਆਂ ਵਿਚੋਂ ਨਿਕਲਣ ਲੱਗਾ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਨੇ ਕਾਲੋਨੀਆਂ ਦੇ ਗੇਟ ਜ਼ੰਜੀਰਾਂ ਲਾ ਕੇ ਬੰਦ ਕਰ ਦਿੱਤੇ ਹਨ।