ਗਡਕਰੀ ਦਾ ਐਲਾਨ, ਅਗਲੇ ਸਾਲ ਹਟਾਏ ਜਾਣਗੇ ਸਾਰੇ ਟੋਲ

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ਵਿੱਚ ਟੋਲ ਪਲਾਜ਼ਾ ਨੂੰ ਲੈ ਕੇ ਐਲਾਨ ਕੀਤਾ ਹੈ। ਨਿਤਿਨ ਗਡਕਰੀ ਨੇ ਐਲਾਨ ਕੀਤਾ ਕਿ ਸਰਕਾਰ ਅਗਲੇ ਸਾਲ ਸਾਰੇ ਟੋਲ ਪਲਾਜ਼ਾ ਖਤਮ ਕਰਨ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਟੈਕਨਾਲੋਜੀ ਦੀ ਮਦਦ ਨਾਲ ਲੋਕਾਂ ਨੂੰ ਉੰਨਾ ਹੀ ਟੋਲ ਦੇਣਾ ਪਵੇਗਾ ਜਿੰਨੀ ਸੜਕ ਦਾ ਸਫ਼ਰ ਤੈਅ ਕੀਤਾ ਜਾਵੇਗਾ।

ਅਮਰੋਹਾ ਤੋਂ ਬੀਐਸਪੀ ਸੰਸਦ ਕੁੰਵਰ ਦਾਨਿਸ਼ ਅਲੀ ਨੇ ਗੜ੍ਹ ਮੁਕਤੇਸ਼ਵਰ ਨੇੜੇ ਸੜਕ ’ਤੇ ਨਗਰ ਨਿਗਮ ਦੀ ਸੀਮਾ ’ਤੇ ਟੋਲ ਪਲਾਜ਼ਾ ਲਾਉਣ ਦਾ ਮੁੱਦਾ ਚੁੱਕਿਆ ਸੀ। ਇਸ ’ਤੇ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪਿਛਲੀ ਸਰਕਾਰ ਵਿੱਚ ਸੜਕ ਦੇ ਪ੍ਰਾਜੈਕਟਾਂ ਦੇ ਠੇਕਿਆਂ ਵਿੱਚ ਹੋਰ ਜਾਨ ਪਾਉਣ ਲਈ ਅਜਿਹੇ ਕਈ ਟੋਲ ਪਲਾਜ਼ਾ ਬਣਾਏ ਜਾਣ, ਜੋ ਨਗਰ ਦੀ ਸੀਮਾ ’ਤੇ ਹਨ।
ਉਹਨਾਂ ਕਿਹਾ ਕਿ ਜੇ ਇਹਨਾਂ ਟੋਲ ਪਲਾਜ਼ਾ ਨੂੰ ਕੱਢਿਆ ਜਾਵੇਗਾ ਤਾਂ ਸੜਕ ਬਣਾਉਣ ਵਾਲੀ ਕੰਪਨੀ ਮੁਆਵਜ਼ਾ ਮੰਗੇਗੀ। ਪਰ ਸਰਕਾਰ ਨੇ ਅਗਲੇ ਇਕ ਸਾਲ ਵਿੱਚ ਦੇਸ਼ ਵਿੱਚ ਸਾਰੇ ਟੋਲ ਖ਼ਤਮ ਕਰਨ ਦੀ ਯੋਜਨਾ ਬਣਾਈ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਟੋਲ ਪਲਾਜ਼ਾ ਖਤਮ ਕਰਨ ਦਾ ਮਤਲਬ ਟੋਲ ਪਲਾਜ਼ਾ ਖ਼ਤਮ ਕਰਨ ਤੋਂ ਹੈ। ਹੁਣ ਸਰਕਾਰ ਅਜਿਹੀ ਤਕਨੀਕ ਤੇ ਕੰਮ ਕਰ ਰਹੀ ਹੈ ਜਿਸ ਵਿੱਚ ਤੁਸੀਂ ਹਾਈਵੇਅ ਤੇ ਜਿੱਥੋਂ ਚੜੋਗੇ, ਉੱਥੋਂ ਜੀਪੀਐਸ ਦੀ ਮਦਦ ਨਾਲ ਕੈਮਰਾ ਤੁਹਾਡੀ ਫੋਟੋ ਲਵੇਗਾ ਅਤੇ ਜਿੱਥੇ ਤੁਸੀਂ ਹਾਈਵੇਅ ਤੋਂ ਉਤਰੋਗੇ ਉੱਥੋਂ ਦੀ ਫੋਟੋ ਲਵੇਗਾ, ਇਸ ਤਰ੍ਹਾਂ ਉੰਨੀ ਹੀ ਦੂਰੀ ਦਾ ਟੋਲ ਦੇਣਾ ਪਵੇਗਾ।
