ਖੇਤੀ ਮੰਤਰੀ ਨੇ ਖੇਤੀ ਕਾਨੂੰਨਾਂ ਨੂੰ ਫਿਰ ਦੱਸਿਆ ਫ਼ਾਇਦੇਮੰਦ, ਨਾਲ ਹੀ ਸ਼ਹੀਦ ਹੋਏ ਕਿਸਾਨਾਂ ਬਾਰੇ ਕਹੀ ਇਹ ਗੱਲ

ਕਿਸਾਨਾਂ ਵੱਲੋਂ ਪਾਰਟੀਮੈਂਟ ਘੇਰਨ ‘ਤੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਨਰਿੰਦਰ ਤੋਮਰ ਨੇ ਇੱਕ ਵਾਰ ਫਿਰ ਤੋਂ ਤਿੰਨੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਫਾਇਦੇਮੰਦ ਦੱਸਿਆ ਹੈ। ਤੋਮਰ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ ਕੇਂਦਰ ਸਰਕਾਰ ਵੱਲੋਂ ਇਹ ਕਾਨੂੰਨ ਕਿਸਾਨਾਂ ਦੀ ਆਮਦਨ ‘ਚ ਵਾਧਾ ਕਰਨ ਲਈ ਬਣਾਏ ਗਏ ਹਨ।

ਇਸ ਦੇ ਨਾਲ ਹੀ ਇੱਕ ਵਾਰ ਫਿਰ ਤੋਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕਿਸਾਨਾਂ ਨੂੰ ਇਹਨਾਂ ਕਾਨੂੰਨਾਂ ‘ਤੇ ਚਰਚਾ ਕਰਨ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ, ‘ਜੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ‘ਚ ਕੋਈ ਵੀ ਕਮੀ ਲੱਗਦੀ ਹੈ ਤਾਂ ਉਸ ਉਪਰ ਉਹ ਚਰਚਾ ਕਰਨ ਨੂੰ ਤਿਆਰ ਹਨ। ਇਸ ਦੇ ਨਾਲ ਹੀ ਉਹਨਾਂ ਸੰਸਦ ਵਿੱਚ ਦਾਅਵਾ ਕੀਤਾ ਕਿ ਉਹਨਾਂ ਕੋਲ ਤਾਂ ਅਜਿਹਾ ਕੋਈ ਅੰਕੜਾ ਨਹੀਂ ਕਿ ਕੋਈ ਕਿਸਾਨ ਸ਼ਹੀਦ ਹੋਇਆ ਹੈ।

ਖੇਤੀਬਾੜੀ ਮੰਤਰੀ ਦੇ ਇਸ ਬਿਆਨ ਨੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਮੰਤਰੀ ਦੇ ਬਿਆਨ ਪਿੱਛੋਂ ਕਿਸਾਨਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਹੈ। ਕਿਸਾਨ ਲੀਡਰਾਂ ਨੇ ਮੋਦੀ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਖੇਤੀ ਮੰਤਰੀ ਨੇ ਕਿਸਾਨ ਅੰਦੋਲਨ ਦੌਰਾਨ ਕੁਰਬਾਨੀਆਂ ਦੇਣ ਵਾਲੇ ਕਿਸਾਨਾਂ ਦਾ ਕੋਈ ਅੰਕੜਾ ਤੇ ਸਬੰਧਤ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਕੋਈ ਤਜਵੀਜ਼ ਨਾ ਹੋਣ ਦਾ ਪ੍ਰਗਟਾਵਾ ਕਰ ਕੇ ਭਾਜਪਾ ਆਗੂਆਂ ਦੇ ਲੋਕ ਵਿਰੋਧੀ ਤੇ ਅਸੰਵੇਦਨਸ਼ੀਲ ਹੋਣ ਦਾ ਸਬੂਤ ਦਿੱਤਾ ਹੈ।
ਕਿਸਾਨ ਲੀਡਰਾਂ ਨੇ ਕਿਹਾ ਕਿ, “ਹੁਣ ਤੱਕ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਸਮੇਤ ਹੋਰਨਾਂ ਸੂਬਿਆਂ ਦੇ 582 ਤੋਂ ਵੱਧ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋ ਚੁੱਕੇ ਹਨ ਪਰ ‘ਮਨ ਕੀ ਬਾਤ’ ਕਰਨ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਅੱਜ ਤੱਕ ਇਹਨਾਂ ਕਿਸਾਨਾਂ ਲਈ ਹਮਦਰਦੀ ਦਾ ਇੱਕ ਵੀ ਸ਼ਬਦ ਨਹੀਂ ਸਰਿਆ।” ਦੱਸ ਦਈਏ ਕਿ ਅੱਜ ਦੇ ਦਿਨ ਯਾਨੀ ਕਿ 22 ਜੁਲਾਈ ਤੋਂ ਕਿਸਾਨਾਂ ਨੇ ਸੰਸਦ ਮਾਰਚ ਕਰਨ ਦਾ ਐਲਾਨ ਕੀਤਾ ਸੀ ਜਿਸ ਦੇ ਮੱਦੇਨਜ਼ਰ ਅੱਜ ਕਿਸਾਨਾਂ ਵੱਲੋਂ ਸੰਸਦ ਮਾਰਚ ਕਰਨ ਲਈ ਤਿਆਰੀਆਂ ਜ਼ੋਰਾਂ ਸ਼ੋਰਾਂ ‘ਤੇ ਕੀਤੀਆਂ ਗਈਆਂ ਹਨ।
ਦੱਸ ਦਈਏ ਕਿ ਅੱਜ 200 ਕਿਸਾਨਾਂ ਦਾ ਜੱਥਾ ਸੰਸਦ ਕੂਚ ਕਰਨ ਲਈ ਗਿਆ ਹੈ। ਜਿਸ ਨੂੰ ਰਸਤੇ ਵਿੱਚ ਹੀ ਦਿੱਲੀ ਪੁਲਿਸ ਵੱਲੋਂ ਰੋਕ ਲਿਆ ਗਿਆ ਅਤੇ ਉਹਨਾਂ ਦੀ ਚੈਕਿੰਗ ਕੀਤੀ ਗਈ। ਉੱਧਰ ਦੂਜੇ ਪਾਸੇ ਕਿਸਾਨਾਂ ਨੇ ਦਿੱਲੀ ਪੁਲਿਸ ‘ਤੇ ਉਹਨਾਂ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਵੀ ਲਾਏ ਹਨ। ਇਸ ਦੇ ਨਾਲ ਹੀ ਉਹਨਾਂ ਵੱਲੋਂ ਹਰ ਹਾਲਤ ‘ਚ ਆਪਣੀ ਸੰਸਦ ਚਲਾਉਣ ਦੀ ਗੱਲ ਵੀ ਆਖੀ ਜਾ ਰਹੀ ਹੈ।
