‘ਖੇਤੀ ਕਾਨੂੰਨ ਰੱਦ ਕਰਾਉਣ ਦੀ ਜ਼ਿੱਦ ’ਤੇ ਅੜਨ ਦਾ ਕੋਈ ਫ਼ਾਇਦਾ ਨਹੀਂ’, ਨਹੀਂ ਹੋਣਗੇ ਕਾਨੂੰਨ ਰੱਦ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬੁੱਧਵਾਰ ਨੂੰ ਮੀਡੀਆ ਸਾਹਮਣੇ ਕਈ ਬਿਆਨ ਜਾਰੀ ਕੀਤੇ ਸਨ। ਉਹਨਾਂ ਨੇ ਕਿਸਾਨੀ ਮੁੱਦੇ ਨੂੰ ਲੈ ਕੇ ਖਾਸ ਤੌਰ ਟਿੱਪਣੀਆਂ ਕੀਤੀਆਂ ਸਨ। ਸੀਐਮ ਮਨੋਹਰ ਲਾਲ ਨੇ ਕਿਹਾ ਕਿ ਕਿਸਾਨਾਂ ਨੂੰ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਜ਼ਿੱਦ ਛੱਡ ਦੇਣੀ ਚਾਹੀਦੀ ਹੈ। ਉਹਨਾਂ ਦਾਅਵਾ ਕੀਤਾ ਕਿ, “ਚੁਣੇ ਹੋਏ ਲੋਕ” ਹੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, “ਆਮ ਲੋਕ ਖੁਸ਼ ਹਨ।”

ਜਿਹੜੇ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਉਹ ਅਸਲ ਵਿੱਚ ਕਿਸਾਨ ਹੈ ਹੀ ਨਹੀਂ, ਤੇ ਜਿਹੜੇ ਅਸਲੀ ਕਿਸਾਨ ਹਨ ਉਹ ਖੇਤੀ ਕਾਨੂੰਨਾਂ ਤੋਂ ਖੁਸ਼ ਹਨ। ਉਹਨਾਂ ਇਲਜ਼ਾਮ ਲਾਉਂਦਿਆਂ ਕਿਹਾ ਕਿ ਰਾਜਨੀਤਿਕ ਕਾਰਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੁਝ ਲੋਕ ਦੇਸ਼ ਦਾ ਮਾਹੌਲ ਖਰਾਬ ਕਰਨ ਵਿੱਚ ਲੱਗੇ ਹੋਏ ਹਨ ਤੇ ਅੰਦੋਲਨ ਵਿੱਚ ਬੈਠੇ ਲੋਕ ਕਿਸਾਨ ਨਹੀਂ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਤੇ ਹੋਰ ਸਿਆਸੀ ਪਾਰਟੀਆਂ ਰਾਜਨੀਤਕ ਲਾਹੇ ਲਈ ਸਰਕਾਰ ਨੂੰ ਬਦਨਾਮ ਕਰ ਰਹੀਆਂ ਹਨ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਤਿੰਨੇ ਖੇਤੀ ਕਾਨੂੰਨ ਕਿਸਾਨਾਂ ਲਈ ਲਾਹੇਵੰਦ ਹਨ ਤੇ ਅਸਲ ਕਿਸਾਨ ਇਸ ਗੱਲ ਨੂੰ ਸਮਝਦੇ ਹਨ। ਖੱਟਰ ਨੇ ਕਿਹਾ ਕਿ ਅਸਲ ਕਿਸਾਨ ਕਾਨੂੰਨਾਂ ਦਾ ਵਿਰੋਧ ਨਹੀਂ ਕਰ ਰਹੇ ਹਨ। ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕੁਝ ਲੋਕ ਹਨ, ਜੋ ਸਾਰਿਆਂ ਨੂੰ ਗੁੰਮਰਾਹ ਕਰਨ ਲੱਗੇ ਹਨ।
“ਪੰਜਾਬ ਵਿੱਚ ਰਾਜਨੀਤਿਕ ਹੱਥਕੰਡੇ ਅਪਣਾ ਕੇ ਸਰਕਾਰ ਨੂੰ ਬਦਨਾਮ ਕਰਨ ਦਾ ਏਜੰਡਾ ਚੱਲ ਰਿਹਾ ਹੈ ਅਤੇ ਕਾਂਗਰਸ ਵੀ ਇਸ ਵਿੱਚ ਉਹਨਾਂ ਦਾ ਸਾਥ ਦੇ ਰਹੀ ਹੈ।” ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਅਤੇ ਗੱਲਬਾਤ ਦਾ ਸੱਦਾ ਦੇਣ ਦੀ ਅਪੀਲ ਦਾ ਜਵਾਬ ਦਿੰਦਿਆਂ ਖੱਟਰ ਨੇ ਕਿਹਾ, “ਕਿਸਾਨ ਜੱਥੇਬੰਦੀਆਂ ਕਾਨੂੰਨਾਂ ਵਿੱਚ ਕਮੀਆਂ ਨੂੰ ਦੱਸੇ ਬਗੈਰ ਕਾਨੂੰਨ ਰੱਦ ਕਰਨ ਦੀ ਮੰਗ’ ਤੇ ਅੜੇ ਹੋਏ ਹਨ।”
