ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ‘ਚ ਭਾਜਪਾ ਨੂੰ ਲੱਗਿਆ ਵੱਡਾ ਝਟਕਾ

ਪੰਜਾਬ ‘ਚ ਖੇਤੀ ਕਾਨੂੰਨਾਂ ਕਰਕੇ ਭਾਜਪਾ ਨੂੰ ਵੱਡੀ ਢਾਅ ਲੱਗਦੀ ਨਜ਼ਰ ਆ ਰਹੀ ਹੈ। ਬੇਸ਼ੱਕ ਸਰਕਾਰ ਖੇਤੀ ਕਾਨੂੰਨਾਂ ਨੂੰ ਸਹੀ ਸਾਬਤ ਕਰਨ ਲਈ ਪੂਰੀ ਵਾਹ ਲਾ ਰਹੀ ਹੈ ਪਰ ਲੋਕ ਇੰਨਾਂ ਕਾਨੂੰਨਾਂ ਨੂੰ ਮੰਨਣ ਲਈ ਬਿਲਕੁੱਲ ਤਿਆਰ ਨਹੀਂ। ਹੁਣ ਹਾਲ ਇਹ ਹੈ ਕਿ ਭਾਜਪਾ ‘ਚ ਸ਼ਾਮਿਲ ਲੀਡਰਾਂ ਦਾ ਵੀ ਦਮ ਘੁੱਟਣਾ ਸ਼ੁਰੂ ਹੋ ਗਿਆ ਅਤੇ ਉਹ ਲਗਾਤਾਰ ਪਾਰਟੀ ਛੱਡ ਰਹੇ ਹਨ।

ਫਿਰੋਜ਼ਪੁਰ ‘ਚ ‘ਚ ਭਾਜਪਾ ਨੂੰ ਇੱਕ ਵੱਡਾ ਝਟਕਾ ਉਸ ਸਮੇਂ ਲੱਗਿਆ ਜਦੋਂ ਕਰੀਬ 35 ਭਾਜਪਾ ਆਗੂਆਂ ਵੱਲੋਂ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਗਿਆ। ਭਾਜਪਾ ਆਗੂਆਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ ਪਰ ਮੋਦੀ ਸਰਕਾਰ ਆਪਣੇ ਅੱੜੀਅਲ ਰਵੱਈਏ ‘ਤੇ ਅੜੀ ਹੋਈ ਹੈ ਜਿਸ ਦੇ ਰੋਸ ‘ਚ ਹੁਣ ਉਹਨਾਂ ਵੱਲੋਂ ਅਸਤੀਫ਼ਾ ਦਿੱਤਾ ਜਾ ਰਿਹਾ ਹੈ।
ਉੱਥੇ ਹੀ ਭਾਜਪਾ ਆਗੂ ਸੁਖਵਿੰਦਰ ਸੁੱਖਾ ਨੇ ਵੀ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਪਾਰਟੀ ਤੋਂ ਕਿਨਾਰਾ ਕਰ ਲਿਆ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਭਾਵੇਂਕਿ ਕਿਸਾਨ ਲੰਮੇ ਸਮੇਂ ਤੋਂ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਨੇ ਪਰ ਇਸ ਦੇ ਬਾਵਜੂਦ ਵੀ ਮੋਦੀ ਸਰਕਾਰ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ।
ਭਾਜਪਾ ਆਗੂਆਂ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਕਿ ਕੇਂਦਰ ਵੱਲੋਂ ਕਿਸਾਨਾਂ ‘ਤੇ ਧੱਕੇ ਨਾਲ ਕਾਨੂੰਨ ਥੋਪੇ ਜਾ ਰਹੇ ਨੇ। ਉਹਨਾਂ ਮੁਤਾਬਿਕ ਜਿਸ ਚੀਜ਼ ਦੀ ਕਿਸਾਨ ਮੰਗ ਹੀ ਨਹੀਂ ਕਰ ਰਹੇ, ਕੇਂਦਰ ਸਰਕਾਰ ਵੱਲੋਂ ਉਹ ਧੱਕੇ ਨਾਲ ਕਿਸਾਨਾਂ ’ਤੇ ਥੋਪੀ ਜਾ ਰਹੀ ਹੈ।
ਜਿਸ ਦੇ ਰੋਸ ਵਜੋਂ ਭਾਜਪਾ ਆਗੂਆਂ ਨੇ ਕਿਸਾਨਾਂ ਦਾ ਸਮਰਥਨ ਕਰਦਿਆਂ ਭਾਜਪਾ ਨੂੰ ਅਲਵਿਦਾ ਆਖ ਦਿੱਤਾ ਹੈ। ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਭਾਜਪਾ ਆਗੂਆਂ ਦੇ ਇਸ ਵੱਡੇ ਐਲਾਨ ‘ਤੇ ਕਿਸਾਨਾਂ ਦਾ ਕੀ ਪ੍ਰਤੀਕਰਮ ਆਉਂਦਾ ਹੈ।
