ਖੇਤੀਬਾੜੀ ਵਿਭਾਗ ਦੀਆਂ 359 ਤਕਨੀਕੀ ਅਸਾਮੀਆਂ ’ਤੇ ਕੀਤੀ ਜਾਵੇਗੀ ਸਿੱਧੀ ਭਰਤੀ

 ਖੇਤੀਬਾੜੀ ਵਿਭਾਗ ਦੀਆਂ 359 ਤਕਨੀਕੀ ਅਸਾਮੀਆਂ ’ਤੇ ਕੀਤੀ ਜਾਵੇਗੀ ਸਿੱਧੀ ਭਰਤੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਕੈਬਨਿਟ ਨੇ ਸ਼ੁੱਕਰਵਾਰ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਤਕਨੀਕੀ ਵਿੰਗ ਵਿੱਚ ਵੱਖ-ਵੱਖ ਕਾਡਰਾਂ ਦੀਆਂ 359 ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ਕੈਬਨਿਟ ਨੇ ਸਿਵਲ ਜੱਜ ਦੀਆਂ 80 ਅਸਾਮੀਆਂ ਪੰਜਾਬ ਸਿਵਲ ਸਰਵਿਸ ਕਮਿਸ਼ਨ, ਪਟਿਆਲਾ ਦੇ ਦਾਇਰੇ ਵਿੱਚੋਂ ਬਾਹਰ ਕੱਢ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਰਾਹੀਂ ਭਰਨ ਦਾ ਫ਼ੈਸਲਾ ਕੀਤਾ ਹੈ।

ਇਸ ਨਾਲ ਨਵੇਂ ਨਿਆਇਕ ਅਧਿਕਾਰੀਆਂ ਦੀ ਭਰਤੀ ਪ੍ਰਕਿਰਿਆ ਤੇਜ਼ ਕਰਨ ਵਿੱਚ ਮਦਦ ਮਿਲੇਗੀ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਅਧਿਕਾਰੀਆਂ/ਕਰਮਚਾਰੀਆਂ ਦੀ ਬੇਹੱਦ ਕਮੀ ਹੈ। ਇਹਨਾਂ ਅਸਾਮੀਆਂ ਵਿੱਚ ਖੇਤੀਬਾੜੀ ਵਿਕਾਸ ਅਫ਼ਸਰਾਂ ਦੀਆਂ 200 ਅਸਾਮੀਆਂ, ਖੇਤੀਬਾੜੀ ਸਬ ਇੰਸਪੈਕਟਰਾਂ ਦੀਆਂ 150 ਅਤੇ ਲੈਬਾਰਟਰੀ ਸਹਾਇਕਾਂ ਦੀਆਂ 9 ਅਸਾਮੀਆਂ ਸ਼ਾਮਲ ਹਨ, ਜੋ ਕਿ ਬਿਨਾਂ ਕਿਸੇ ਪੁਨਰਗਠਨ ਦੇ ਭਰੀਆਂ ਜਾਣਗੀਆਂ।

ਇਸ ਪੋਸਟ ਨੂੰ ਭਰਨ ਨਾਲ ਖੇਤੀਬਾੜੀ ਵਿਕਾਸ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਵਿੱਚ ਮਦਦ ਮਿਲੇਗੀ ਅਤੇ ਇਸੇ ਤਰ੍ਹਾਂ ਕਿਸਾਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਸਹੂਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਪੰਜਾਬ ਕੈਬਨਿਟ ਨੇ 1 ਅਪ੍ਰੈਲ 2022 ਤੋਂ 31 ਮਾਰਚ 2023 ਤੱਕ ਠੇਕੇ ਦੇ ਆਧਾਰ ਤੇ ਕੰਮ ਕਰ ਰਹੇ 497 ਪਸ਼ੂ ਫਾਰਮਾਸਿਸਟਾਂ ਅਤੇ 498 ਸ਼੍ਰੇਣੀ-4/ ਸਫ਼ਾਈ ਸੇਵਕਾਂ ਦੀਆਂ ਸੇਵਾਵਾਂ ਨੂੰ 1 ਅਪ੍ਰੈਲ 2022 ਤੋਂ 31 ਮਾਰਚ 2023 ਤੱਕ ਵਧਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਸੂਬੇ ਭਰ ਦੇ 582 ਪਸ਼ੂ ਹਸਪਤਾਲਾਂ ਦੀ ਕੁਸ਼ਲਤਾ ਵਿੱਚ ਵਾਧਾ ਕੀਤਾ ਜਾ ਸਕੇ।

ਰਾਜ ਸਰਕਾਰ ਨੇ ਪਹਿਲਾਂ ਹੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਤੋਂ 582 ਸਿਵਲ ਪਸ਼ੂ ਹਸਪਤਾਲਾਂ ਨੂੰ ਪਸ਼ੂ ਪਾਲਣ ਵਿਭਾਗ ਵਿੱਚ ਤਬਦੀਲ ਕਰ ਦਿੱਤਾ ਹੈ, ਜਿਸ ਵਿੱਚ ਪੇਂਡੂ ਵੈਟਰਨਰੀ ਅਫ਼ਸਰਾਂ ਦੀਆਂ 582 ਮਨਜ਼ੂਰ ਅਸਾਮੀਆਂ ਵੀ ਸ਼ਾਮਲ ਹਨ। ਪੰਜਾਬ ਕੈਬਨਿਟ ਮੰਤਰੀ ਵਿੱਚ ਫ਼ੈਸਲਾ ਲਿਆ ਗਿਆ ਕਿ ਮੁਹਾਲੀ ਵਿਖੇ ਪੇਂਡੂ ਵਿਕਾਸ ਵਿਭਾਗ ਦੇ ਤਕਨੀਕੀ ਵਿੰਗ ਦਾ ਨਵਾਂ ਸਬ-ਡਵੀਜ਼ਨ ਦਫ਼ਤਰ ਸਥਾਪਤ ਕੀਤਾ ਜਾਵੇਗਾ।

ਇਸ ਲਈ ਇੱਕ ਉਪ ਮੰਡਲ ਅਧਿਕਾਰੀ, ਦੋ ਜੂਨੀਅਰ ਇੰਜੀਨੀਅਰ, ਇੱਕ ਜੂਨੀਅਰ ਡਰਾਫਟਸਮੈਨ ਅਤੇ ਇੱਕ ਸੇਵਕ ਸਮੇਤ ਕੁੱਲ ਛੇ ਅਸਾਮੀਆਂ ਬਣਾਈਆਂ ਗਈਆਂ ਹਨ। ਇਸ ਦੇ ਨਾਲ ਹੀ ਪਾਵਰ ਡਿਸਟ੍ਰੀਬਿਊਸ਼ਨ ਸਿਸਟਮ ਨੂੰ ਮਜ਼ਬੂਤ ਕਰਕੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਲਈ ਪੀਐਸਪੀਸੀਐਲ ਦੁਆਰਾ ਪ੍ਰਸਤਾਵਿਤ ਰੀਵੈਮਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ ਨੂੰ ਸਵੀਕਾਰ ਕਰ ਲਿਆ ਹੈ।

Leave a Reply

Your email address will not be published.