ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਮਿਲਣ ਦਾ ਦਿੱਤਾ ਸੱਦਾ

ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੇ ਅੱਜ ਪੰਜਾਬ ਦੇ ਕਿਸਾਨਾਂ ਦੀ ਹਾਲਤ ਅਜਿਹੀ ਕਰ ਦਿੱਤੀ ਹੈ ਕਿ ਉਹ ਘਰਾਂ ਚੋਂ ਨਿਕਲ ਕੇ ਸੜਕਾਂ ਤੇ ਬੈਠਣ ਲਈ ਮਜ਼ਬੂਰ ਹੋ ਗਏ ਹਨ। ਲੋਕ ਸੜਕਾਂ ਤੇ ਧਰਨੇ ਦੇ ਰਹੇ ਹਨ। ਹੁਣ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਬੈਠਕ ਦਾ ਸੱਦਾ ਦਿੱਤਾ ਹੈ।

ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਜੇ ਕਿਸਾਨ ਉਹਨਾਂ ਨੂੰ ਮਿਲਣਾ ਚਾਹੁੰਦੇ ਹਨ ਤਾਂ ਉਹ ਅੱਧੀ ਰਾਤ ਨੂੰ ਵੀ ਮਿਲਣ ਲਈ ਤਿਆਰ ਹਨ। ਇਕ ਪੰਜਾਬੀ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਤਿਆਰ ਹਨ ਪਰ ਸੂਬਾ ਸਰਕਾਰ ਕੇਂਦਰ ਦੇ ਬਣਾਏ ਕਾਨੂੰਨ ਨੂੰ ਰੱਦ ਨਹੀਂ ਕਰ ਸਕਦੀ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੂੰ ਖੇਤੀ ਕਾਨੂੰਨਾਂ ਨੂੰ ਲੈ ਕੇ ਕੋਈ ਦਿੱਕਤ ਸੀ ਤਾਂ ਉਹ ਕੇਂਦਰ ਨੂੰ ਸੁਝਾਅ ਦੇ ਸਕਦੀ ਸੀ ਪਰ ਉਨ੍ਹਾਂ ਨੇ ਕੇਂਦਰ ਨੂੰ ਕੋਈ ਸੁਝਾਅ ਨਹੀਂ ਭੇਜਿਆ, ਸਗੋਂ ਕਿਸਾਨੀ ਵਿਰੋਧ ਨੂੰ ਹਵਾ ਦਿੱਤੀ। ਉਨ੍ਹਾਂ ਕਿਹਾ ਕਿ ਕਿਸਾਨ ਉਨ੍ਹਾਂ ਨਾਲ ਗੱਲ ਕਰਨ ਪਰ ਇਸ ਮਾਮਲੇ ‘ਤੇ ਸਿਆਸਤ ਤੋਂ ਬਚਿਆ ਜਾਵੇ।
ਉੱਧਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਵੀ ਖੇਤੀ ਮੰਤਰੀ ਦੇ ਆਫਰ ਦਾ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਖੇਤੀਬਾੜੀ ਮੰਤਰੀ ਬੁਲਾਉਣਗੇ ਤਾਂ ਉਹ ਜ਼ਰੂਰ ਜਾਣਗੇ। ਹੁਣ ਦੇਖਣਾ ਹੋਵੇਗਾ ਕਿ ਖੇਤੀਬਾੜੀ ਮੰਤਰੀ ਨਾਲ ਕਿਸਾਨਾਂ ਦੀ ਮੁਲਾਕਾਤ ਕਦੋਂ ਹੋਵੇਗੀ।
ਹਾਲਾਂਕਿ ਕਿਸਾਨ ਜੱਥੇਬੰਦੀਆਂ ਨੂੰ ਪਹਿਲਾਂ ਵੀ ਮਿਲਣ ਦਾ ਸੱਦਾ ਭੇਜਿਆ ਗਿਆ ਸੀ। ਇਸ ਤੋਂ ਪਹਿਲਾਂ ਜੱਥੇਬੰਦੀਆਂ ਦੇ ਆਗੂ ਕੇਂਦਰ ਨਾਲ ਮੁਲਾਕਾਤ ਲਈ ਦਿੱਲੀ ਵੀ ਗਏ ਸੀ ਪਰ ਉੱਥੇ ਕੋਈ ਵੀ ਆਗੂ ਉਹਨਾਂ ਨਾਲ ਮੁਲਾਕਾਤ ਲਈ ਹਾਜ਼ਰ ਨਹੀਂ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ ਗੁੱਸੇ ਵਿੱਚ ਆ ਕੇ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰ ਦਿੱਤਾ ਸੀ। ਦੂਜੇ ਪਾਸੇ ਕਿਸਾਨਾਂ ਦੇ ਰੇਲਵੇ ਟਰੈਕ ਖਾਲੀ ਕਰਨ ਦੇ ਬਾਵਜੂਦ ਵੀ ਕੇਂਦਰ ਸਰਕਾਰ ਰੇਲ ਗੱਡੀਆਂ ਚਲਾਉਣ ਨੂੰ ਤਿਆਰ ਨਹੀਂ ਹੈ।
