ਖੇਤੀਬਾੜੀ ਮੰਤਰੀ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ, ਹਾਈਵੇਅ ’ਤੇ ਹੋਵੇਗੀ ਬੈਠਕ

ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨ ਪਿਛਲੇ 5 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ। ਇਸ ਦਰਮਿਆਨ ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਕੇਂਦਰ ਸਰਕਾਰ ਵੀ ਸਰਗਰਮ ਹੋ ਗਈ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ ਹੈ।

ਅੱਜ ਬਾਅਦ ਦੁਪਹਿਰ ਤਿੰਨ ਵਜੇ ਵਿਗਿਆਨ ਭਵਨ ‘ਚ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਹੋਣ ਦੇ ਆਸਾਰ ਹਨ। ਕੱਲ੍ਹ ਯਾਨੀ 30 ਨਵੰਬਰ ਨੂੰ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਜੇ ਸਰਕਾਰ ਵੱਲੋਂ ਕਾਨੂੰਨ ਵਾਪਸ ਨਹੀਂ ਲਏ ਗਏ ਤਾਂ ਉਹਨਾਂ ਵੱਲੋਂ ਦਿੱਲੀ ਵਿੱਚ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।
ਕਿਸਾਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇ ਦੋ ਦਿਨਾਂ ਵਿੱਚ ਕਿਸਾਨਾਂ ਦੀ ਗੱਲ ਨਾ ਮੰਨੀ ਗਈ ਤਾਂ ਉਹ ਪਬਲਿਕ ਤੇ ਪ੍ਰਾਈਵੇਟ ਟ੍ਰਾਂਸਪੋਰਟ ਬੰਦ ਕਰ ਦੇਣਗੇ। ਇਸ ਦੇ ਨਾਲ ਹੀ ਕਿਸਾਨਾਂ ਨੂੰ ਹਰਿਆਣਾ ਦੇ ਖਾਪਾਂ, ਦਿੱਲੀ ਦੇ ਬੱਸ, ਟਰੱਕ, ਆਟੋ ਤੇ ਟੈਕਸੀ ਯੂਨੀਅਨਾਂ ਦਾ ਸਮਰਥਨ ਵੀ ਮਿਲ ਰਿਹਾ ਹੈ।
ਉਹਨਾਂ ਕਿਹਾ ਕਿ ਉਹ ਜਿੱਥੇ ਹਨ ਉੱਥੇ ਹੀ ਖੜ੍ਹੇ ਰਹਿਣਗੇ ਪਿੱਛੇ ਹਟਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹ ਮੋਦੀ ਨੂੰ ਅਪਣੇ ਮਨ ਦੀ ਸੁਣਾਉਣ ਆਏ ਹਨ ਤੇ ਮੋਦੀ ਨੂੰ ਚਾਹੀਦਾ ਹੈ ਕਿ ਉਹ ਉਹਨਾਂ ਦੀ ਗੱਲ ਸੁਣੇ। ਕਿਸਾਨਾਂ ਦੀ ਇਹੀ ਮੰਗ ਹੈ ਕਿ ਭਾਵੇਂ ਉਹਨਾਂ ਦੀ ਜਾਨ ਚਲੀ ਜਾਵੇ ਪਰ ਉਹ ਅਪਣੇ ਹੱਕ ਲੈ ਕੇ ਹੀ ਪੰਜਾਬ ਵਾਪਸ ਜਾਣਗੇ।
