ਖੁਦਕੁਸ਼ੀ ਕਰਨ ਤੋਂ ਪਹਿਲਾਂ ਕਾਂਗਰਸੀ ਵਰਕਰ ਨੇ ਨਵਜੋਤ ਸਿੱਧੂ ਲਈ ਜਾਰੀ ਕੀਤੀ ਆਡੀਓ, ਕਰਤੇ ਵੱਡੇ ਖੁਲਾਸੇ

ਲੁਧਿਆਣਾ ਤੋਂ ਇੱਕ ਕਾਂਗਰਸੀ ਵਰਕਰ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦਾ ਸਭ ਤੋਂ ਵੱਡਾ ਪਹਿਲੂ ਇਹ ਹੈ ਕਿ ਵਰਕਰ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਈ ਇੱਕ ਆਡੀਓ ਜਾਰੀ ਕੀਤੀ ਗਈ ਹੈ ਜਿਸ ਵਿੱਚ ਵਿਧਾਨ ਸਭਾ ਦਾਖਾ ਅਧੀਨ ਜੰਗਪੁਰ ਦੇ ਰਹਿਣ ਵਾਲੇ ਹੈਪੀ ਬਾਜਵਾ ਨੇ ਇਹ ਕਹਿੰਦਾ ਸਾਫ਼ ਸੁਣਾਈ ਦੇ ਰਿਹਾ ਹੈ ਕਿ ਉਹ ਮੁੱਲਾਂਪੁਰ ਦਾਖਾ ‘ਚ ਕਾਂਗਰਸ ਪਾਰਟੀ ਦਾ ਸਰਗਰਮ ਵਰਕਰ ਹੈ ਅਤੇ ਆਪਣੇ 30 ਸਾਲ ਉਸ ਵੱਲੋਂ ਕਾਂਗਰਸ ਪਾਰਟੀ ਦੇ ਲੇਖੇ ਲਾਏ ਗਏ ਜਿਸ ਦੇ ਬਾਵਜੂਦ ਵੀ ਪਾਰਟੀ ਨੇ ਦੁੱਕ ਦੀ ਘੜੀ ‘ਚ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ।

ਹੈਪੀ ਬਾਜਵਾ ਵੱਲੋਂ ਜਾਰੀ ਆਡੀਓ ਦੌਰਾਨ ਪਿੰਡ ਦੇ ਹੀ ਤਿੰਨ ਵਿਅਕਤੀਆਂ ਨੂੰ ਖੁਦਕੁਸ਼ੀ ਲਈ ਜ਼ਿੰਮੇਵਾਰ ਠਹਿਰਾਇਆ। ਇਸ ਦੌਰਾਨ ਹੈਪੀ ਬਾਜਵਾ ਵੱਲੋਂ ਸਿੱਧੂ ਕੋਲ ਦੁੱਖ ਰੋਂਦਿਆਂ ਆਪਣੇ ਭਰਾ ਦੇ ਬੱਚਿਆਂ ਦੇ ਸਿਰ ‘ਤੇ ਹੱਥ ਰੱਖਣ ਦੀ ਅਪੀਲ ਵੀ ਕੀਤੀ ਗਈ ਇਸਦੇ ਨਾਲ ਹੀ ਉਹਨਾਂ ਕਿਹਾ ਕਿ ਇਹ ਕੰਮ ਜ਼ਮੀਰ ਮਾਰ ਕੇ ਹੁੰਦੇ ਹਨ, ਇਸ ਲਈ ਉਹ ਇਹ ਵੱਡਾ ਕਦਮ ਚੁੱਕਣ ਜਾ ਰਿਹਾ ਹੈ।
ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਇਹ ਆਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਇਸ ਘਟਨਾ ਬਾਰੇ ਪਤਾ ਲੱਗਦੇ ਦੇਰ ਸ਼ਾਮ ਨਵਜੋਤ ਸਿੰਘ ਸਿੱਧੂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਘਰ ਪੁੱਜੇ। ਇਸ ਮੌਕੇ ਸਿੱਧੂ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਦੇਣ ਦਾ ਐਲਾਨ ਵੀ ਕੀਤਾ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਘਟਨਾ ‘ਤੇ ਦੁੱਖ ਜ਼ਾਹਰ ਕੀਤਾ। ਉਨ੍ਹਾਂ ਟਵੀਟ ਰਾਹੀਂ ਡੀਜੀਪੀ ਦਿਨਕਰ ਗੁਪਤਾ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ।
