News

ਖਾਣ ਵਾਲੇ ਤੇਲ ਸਾਲ ਭਰ ’ਚ 30 ਫ਼ੀਸਦੀ ਹੋਏ ਮਹਿੰਗੇ

ਖਾਣ ਵਾਲੇ ਤੇਲ ਦੀਆਂ ਵਧੀਆਂ ਕੀਮਤਾਂ ਕਾਰਨ ਸਬਜ਼ੀਆਂ ਦੇ ਤੜਕੇ ਫਿਕੇ ਪੈ ਗਏ ਹਨ। ਪਿਛਲੇ ਇਕ ਸਾਲ ਵਿੱਚ ਮੂੰਗਫਲੀ, ਸਰ੍ਹੋਂ, ਬਨਸਪਤੀ, ਪਾਮ, ਸੋਇਆਬੀਨ ਅਤੇ ਸੂਰਜਮੁਖੀ ਸਮੇਤ ਸਾਰੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ 20 ਤੋਂ 30 ਫ਼ੀਸਦੀ ਤਕ ਦਾ ਵੱਡਾ ਵਾਧਾ ਹੋ ਚੁੱਕਾ ਹੈ।

ਸੂਤਰਾਂ ਨੇ ਕਿਹਾ ਕਿ 30,000 ਟਨ ਪਿਆਜ਼ ਦੀ ਦਰਾਮਦ ਕਾਰਨ ਇਸ ਦੀਆਂ ਕੀਮਤਾਂ ਘਟੀਆਂ ਹਨ। ਉੱਥੇ ਹੀ, ਆਲੂ ਦੀਆਂ ਕੀਮਤਾਂ ਲਗਭਗ ਸਥਿਰ ਹੋ ਗਈਆਂ ਹਨ, ਜਦੋਂ ਕਿ ਖਾਣ ਵਾਲੇ ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ।

ਇਸ ਨੂੰ ਲੈ ਕੇ ਸਰਕਾਰ ਚਿੰਤਤ ਹੈ ਅਤੇ ਇਸ ਹਫ਼ਤੇ ਦੇ ਸ਼ੁਰੂ ‘ਚ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਾਲੇ ਮੰਤਰੀਆਂ ਦੇ ਸਮੂਹ ‘ਚ ਇਸ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਹੈ। ਖ਼ਪਤਕਾਰ ਮਾਮਲਿਆਂ ਦੇ ਮੰਤਰਾਲਾ ਦੇ ਕੀਮਤ ਨਿਗਰਾਨੀ ਸੈੱਲ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ, ਸਰ੍ਹੋਂ ਦੇ ਤੇਲ ਦੀ ਔਸਤ ਕੀਮਤ 120 ਪ੍ਰਤੀ ਲੀਟਰ ਹੋ ਗਈ ਹੈ, ਜੋ ਇਕ ਸਾਲ ਪਹਿਲਾਂ 100 ਰੁਪਏ ਪ੍ਰਤੀ ਲਿਟਰ ਸੀ।

ਇਸੇ ਤਰ੍ਹਾਂ ਬਨਸਪਤੀ ਤੇਲ ਦੀਆਂ ਕੀਮਤਾਂ ਇਕ ਸਾਲ ਪਹਿਲਾਂ ਦੀ 75.25 ਦੇ ਮੁਕਾਬਲੇ 102.5 ਪ੍ਰਤੀ ਕਿਲੋਗ੍ਰਾਮ ਹੋ ਗਈਆਂ ਹਨ। ਸੋਇਆਬੀਨ ਤੇਲ ਲਗਭਗ 110 ਰੁਪਏ ਪ੍ਰਤੀ ਲਿਟਰ ‘ਚ ਵਿਕ ਰਿਹਾ ਹੈ, ਜਿਸ ਦੀ ਕੀਮਤ 18 ਅਕਤੂਬਰ 2019 ਨੂੰ 90 ਰੁਪਏ ਪ੍ਰਤੀ ਲਿਟਰ ਸੀ।

ਸੂਰਜਮੁਖੀ ਅਤੇ ਪਾਮ ਤੇਲ ਦੇ ਮਾਮਲੇ ‘ਚ ਵੀ ਇਸੇ ਤਰ੍ਹਾਂ ਦਾ ਰੁਝਾਨ ਰਿਹਾ ਹੈ। ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਇਕ ਮੁੱਖ ਕਾਰਨ ਮਲੇਸ਼ੀਆ ਵਿੱਚ ਪਿਛਲੇ ਛੇ ਮਹੀਨਿਆਂ ਵਿੱਚ ਪਾਮ ਤੇਲ ਦੇ ਉਤਪਾਦਨ ਵਿੱਚ ਆਈ ਕਮੀ ਵੀ ਹੈ।

ਦੇਸ਼ ਵਿੱਚ ਲਗਭਗ 70 ਫ਼ੀਸਦੀ ਪਾਮ ਤੇਲ ਦੀ ਵਰਤੋਂ ਪ੍ਰੋਸੈਸਡ ਫੂਡ ਇੰਡਸਟਰੀ ਵੱਲੋਂ ਕੀਤੀ ਜਾਂਦੀ ਹੈ ਜੋ ਕਿ ਸਭ ਤੋਂ ਵੱਡਾ ਥੋਕ ਖਪਤਕਾਰ ਹੈ। ਉਦਯੋਗ ਦੇ ਸੂਤਰਾਂ ਮੁਤਾਬਕ ਪਾਮ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਿੱਧਾ ਅਸਰ ਹੋਰ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਤੇ ਪੈਮ ਦੇ ਮੱਦੇਨਜ਼ਰ ਹੁਣ ਇਹ ਸਰਕਾਰ ਤੇ ਨਿਰਭਰ ਹੈ ਕਿ ਉਹ ਪਾਮ ਤੇਲ ਦੀ ਦਰਾਮਦ ਡਿਊਟੀ ਨੂੰ ਘਟਾਉਣ ਦਾ ਵਿਚਾਰ ਕਰੇ।

Click to comment

Leave a Reply

Your email address will not be published.

Most Popular

To Top