Punjab

ਖਹਿਰਾ ਤੋਂ ਬਾਅਦ ਰਵਨੀਤ ਬਿੱਟੂ ਨੇ ਵੀ ਭਾਜਪਾ ਆਗੂ ਨੱਡਾ ਨੂੰ ਸੁਣਾਈਆਂ ਖਰੀਆਂ-ਖਰੀਆਂ

ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਦੇ ਕਿਸਾਨਾਂ ਨੇ ਧਰਨੇ ਲਗਾਏ ਹੋਏ ਹਨ। ਭਾਜਪਾ ਦੇ ਪ੍ਰਧਾਨ ਜੇ. ਪੀ. ਨੱਡਾ ਵਲੋਂ ਪੰਜਾਬ ਦੀਆਂ ਸੜਕਾਂ ‘ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਦਲਾਲ ਕਹਿਣ ‘ਤੇ ਸਿਆਸਤ ਬਹੁਤ ਭਖ ਗਈ ਹੈ, ਜਿਸ ਸਬੰਧੀ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੇਂਦਰ ਵੱਲੋਂ ਪਾਸ ਕੀਤੇ ਗਏ ਆਰਡੀਨੈਂਸਾਂ ਖ਼ਿਲਾਫ਼ ਕਿਸਾਨ ਪਿਛਲੇ ਕਈ ਦਿਨਾਂ ਤੋਂ ਪਰਿਵਾਰਾਂ ਸਮੇਤ ਸੜਕਾਂ ‘ਤੇ ਧਰਨਾ ਦੇ ਰਹੇ ਹਨ ਅਤੇ ਭਾਜਪਾ ਆਗੂ ਵਲੋਂ ਉਨ੍ਹਾਂ ਨੂੰ ਦਲਾਲ ਕਹਿਣਾ ਬਹੁਤ ਹੀ ਮੰਦਭਾਗਾ ਹੈ।

ਜਿਸ ਨਾਲ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਦਲਾਲ ਪੰਜਾਬ ਦੇ ਕਿਸਾਨ ਨਹੀਂ, ਸਗੋਂ ਭਾਜਪਾ ਦੀ ਸਰਕਾਰ ਵਾਲੇ ਸੂਬੇ ਯੂਪੀ ਤੋਂ ਸਸਤਾ ਝੋਨਾ ਖਰੀਦ ਪੰਜਾਬ ਦੀਆਂ ਮੰਡੀਆਂ ਵਿੱਚ ਮਹਿੰਗੇ ਭਾਅ ਵੇਚਣ ਵਾਲੇ ਵਪਾਰੀ ਹਨ ਇਸ ਲਈ ਭਾਜਪਾ ਆਗੂ ਜੇਪੀ ਨੱਡਾ ਅਪਣੇ ਰਾਜ ਵਾਲੇ ਸੂਬੇ ਦੇ ਇਹਨਾਂ ਦਲਾਲਾਂ ਨੂੰ ਕਾਬੂ ਕਰੇ।

ਉਹਨਾਂ ਅੱਗੇ ਕਿਹਾ ਕਿ ਅੱਜ ਯੂਪੀ ਤੋਂ ਧੜਾਧੜ ਝੋਨੇ ਦੇ ਟਰੱਕ ਪੰਜਾਬ ਵਿੱਚ ਆ ਰਹੇ ਹਨ ਪਰ ਕਿਸਾਨਾਂ ਵੱਲੋਂ ਨੂੰ ਰੋਕਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਯੂ.ਪੀ. ਦਾ ਸਸਤਾ ਝੋਨਾ ਪੰਜਾਬ ‘ਚ ਇਸ ਲਈ ਵਿਕ ਰਿਹਾ ਹੈ ਕਿਉਂਕਿ ਇੱਥੇ ਮੰਡੀਕਰਨ ਹੈ ਅਤੇ ਜੇ ਕੇਂਦਰ ਸਰਕਾਰ ਪੰਜਾਬ ‘ਚ ਵੀ ਮੰਡੀਕਰਨ ਤੋੜ ਦੇਵੇਗੀ ਤਾਂ ਇੱਥੇ ਵੀ ਯੂ. ਪੀ. ਵਾਂਗ ਕਿਸਾਨਾਂ ਦੀਆਂ ਫਸਲਾਂ ‘ਚ ਵਪਾਰੀ ਆਪਣੀ ਲੁੱਟ ਮਚਾਉਣਗੇ।

ਉਨ੍ਹਾਂ ਕਿਹਾ ਕਿ ਜੇ. ਪੀ. ਨੱਡਾ ਵਲੋਂ ਕਿਸਾਨਾਂ ਨੂੰ ਦਲਾਲ ਕਹਿਣ ਨਾਲ ਉਹ ਹੋਰ ਭੜਕਣਗੇ ਅਤੇ ਫਿਰ ਭਾਜਪਾ ਵਾਲੇ ਕਹਿੰਦੇ ਹਨ ਕਿ ਉਨ੍ਹਾਂ ‘ਤੇ ਹਮਲੇ ਹੁੰਦੇ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਭਾਜਪਾ ਆਗੂ ਅਪਣਾ ਬਿਆਨ ਵਾਪਸ ਲੈ ਕੇ ਕਿਸਾਨਾਂ ਤੋਂ ਤੁਰੰਤ ਮੁਆਫ਼ੀ ਮੰਗਣ।

ਉੱਧਰ ਸੁਖਪਾਲ ਖਹਿਰਾ ਨੇ ਭਾਜਪਾ ਆਗੂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਦਾ ਬੱਚਾ-ਬੱਚਾ ਅੱਜ ਇਹਨਾਂ ਬਿੱਲਾਂ ਦਾ ਵਿਰੋਧ ਕਰ ਰਿਹਾ ਹੈ। ਪਰ ਨੱਡਾ ਸਾਹਬ ਨੂੰ ਅਜੇ ਇਹ ਵਿਚੋਲੀਏ ਹੀ ਦਿਸਦੇ ਹਨ। ਇਸ ਨਾਲੋਂ ਜ਼ਿਆਦਾ ਦੁਖਦਾਈ ਬਿਆਨ ਹੋਰ ਕੋਈ ਨਹੀਂ ਹੋ ਸਕਦਾ।

ਪੰਜਾਬ ਦੇ ਲੋਕਾਂ ਨੂੰ ਲਗਾਤਾਰ ਇਹ ਕਿਹਾ ਜਾ ਰਿਹੈ ਕਿ ਇਹ ਬਿੱਲ ਉਹਨਾਂ ਲਈ ਚੰਗੇ ਹਨ। ਜੇ ਇਹ ਬਿੱਲ ਵਾਕਿਆ ਹੀ ਚੰਗੇ ਨੇ ਤਾਂ ਕੇਂਦਰ ਸਰਕਾਰ ਦੇਸ਼ ਦੇ ਹੋਰਨਾਂ ਸੂਬਿਆਂ ’ਚ ਇਹਨਾਂ ਨੂੰ ਲਾਗੂ ਕਰ ਦੇਵੇ ਤੇ ਪੰਜਾਬ ਨੂੰ ਬਖ਼ਸ਼ ਦਿੱਤਾ ਜਾਵੇ।

Click to comment

Leave a Reply

Your email address will not be published. Required fields are marked *

Most Popular

To Top