ਕੱਪੜਿਆਂ ਦੀ ਆੜ ‘ਚ ਵੇਚ ਰਿਹਾ ਸੀ ਚਾਈਨਾ ਡੋਰ, ਪੁਲਿਸ ਨੇ ਦੁਕਾਨਦਾਰ ਕੀਤਾ ਕਾਬੂ

ਪ੍ਰਸ਼ਾਸ਼ਨ ਵੱਲੋਂ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ਼ ਨਕੇਲ ਕੱਸੀ ਜਾ ਰਹੀ ਹੈ। ਪਰ ਕੁਝ ਪੈਸਿਆਂ ਦੇ ਲਾਲਚ ਵਿੱਚ ਲੋਕ ਇਸ ਨੂੰ ਚੋਰੀਛੁਪੇ ਵੇਚ ਰਹੇ ਹਨ। ਅਜਿਹਾ ਹੀ ਮਾਮਲਾ ਬਟਾਲਾ ਦੇ ਪਿੰਡ ਧਿਆਨਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਵਿੱਚ ਵੱਡੀ ਤਾਦਾਦ ਵਿੱਚ ਚਾਈਨਾ ਗੱਟੂ ਪੁਲਿਸ ਨੇ ਜ਼ਬਤ ਕੀਤੇ।
ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਜਾਨਲੇਵਾ ਡੋਰ ਰੱਖਣ ਅਤੇ ਇਸ ਦੀ ਵਿਕਰੀ ਕਰਨ ਦੇ ਜ਼ੁਰਮ ਵਿੱਚ ਉਕਤ ਦੁਕਾਨਦਾਰ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਮਾਮਲੇ ਵਿੱਚ ਬਟਾਲਾ ਪੁਲਿਸ ਦੇ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਐਸਐਸਓ ਮਨਜੀਤ ਸਿੰਘ ਨੇ ਦੱਸਿਆ ਕਿ ਡੀਸੀ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ ਤੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸਐਸਪੀ ਵੱਲੋਂ ਚਾਈਨਾ ਡੋਰ ਦੀ ਰੋਕ ਅਤੇ ਇਸ ਦੀ ਵਿਕਰੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰਨ ਦੇ ਦਿੱਤੇ ਹੁਕਮਾਂ ਹੇਠ ਚਲਾਈ ਗਈ ਮੁਹਿੰਮ ਤਹਿਤ ਉਹਨਾਂ ਵੱਲੋਂ ਮਿਲੀ ਗੁਪਤ ਸੂਚਨਾ ਦੇ ਕਸਬਾ ਧਿਆਨਪੁਰ ਦੀ ਰੈਡੀਮੇਡ ਕੱਪੜਿਆਂ ਦੀ ਦੁਕਾਨ ਦੀ ਤਲਾਸ਼ੀ ਲੈਣ ਤੇ ਉਥੋਂ 5 ਤੋੜੇ ਚਾਈਨਾ ਡੋਰ ਬਰਾਮਦ ਕੀਤੀ ਗਈ।
ਐਸਐਚਓ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਡੋਰ ਮਨੁੱਖੀ ਜਾਨਾਂ ਤੇ ਪਸ਼ੂ, ਪੰਛੀਆਂ ਲਈ ਘਾਤਕ ਸਾਬਤ ਹੋ ਰਹੀ ਹੈ। ਚਾਈਨਾ ਡੋਰ ਤੇ ਸ਼ਿਕੰਜਾ ਕੱਸਣ ਲਈ ਮੁਖ਼ਬਰ ਖਾਸ ਦੀ ਇਤਲਾਹ ਤੇ ਪੁਲਿਸ ਪਾਰਟੀ ਵੱਲੋਂ ਛਾਪੇਮਾਰੀ ਦੌਰਾਨ ਧਿਆਨਪੁਰ ਦੇ ਦੁਕਾਨਦਾਰ ਨਰਿੰਦਰ ਕੁਮਾਰ ਕੋਲੋਂ 5 ਗੱਟੇ ਚਾਈਨਾ ਡੋਰ ਬਰਾਮਦ ਹੋਈ ਹੈ। ਉਹਨਾਂ ਕਿਹਾ ਕਿ ਦੁਕਾਨਦਾਰ ਦੇ ਦੱਸਣ ਮੁਤਾਬਕ ਇੱਕ ਤੋੜੇ ਵਿੱਚ ਤਕਰੀਬਨ 60 ਗੱਟੂ ਹਨ।