ਕੋਰੋਨਾ ਹਸਪਤਾਲ ’ਚ ਆਕਸੀਜਨ ਟੈਂਕ ਫਟਣ ਕਾਰਨ ਲੱਗੀ ਭਿਆਨਕ ਅੱਗ, ਲਗਭਗ 44 ਦੀ ਮੌਤ

ਇਰਾਕ ਦੇ ਦੱਖਣੀ ਸ਼ਹਿਰ ਨਾਸਿਰਿਆ ਵਿੱਚ ਇਕ ਕੋਰੋਨਾ ਵਾਇਰਸ ਹਸਪਤਾਲ ਵਿੱਚ ਆਕਸੀਜਨ ਟੈਂਕ ਵਿਸਫੋਟ ਹੋ ਗਿਆ। ਇਸ ਨਾਲ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਲਗਭਗ 44 ਲੋਕਾਂ ਦੀ ਮੌਤ ਅਤੇ 67 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਸਿਹਤ ਅਧਿਕਾਰੀਆਂ ਅਤੇ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਪ੍ਰਧਾਨ ਮੰਤਰੀ ਮੁਸਤਫ਼ਾ ਅਲ-ਕਦੀਮੀ ਨੇ ਸੀਨੀਅਰ ਮੰਤਰੀਆਂ ਨਾਲ ਤਤਕਾਲ ਬੈਠਕ ਕੀਤੀ ਅਤੇ ਨਾਸਿਰਿਆ ਵਿੱਚ ਸਿਹਤ ਅਤੇ ਨਾਗਰਿਕ ਸੁਰੱਖਿਆ ਪ੍ਰਬੰਧਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਗ੍ਰਿਫ਼ਤਾਰ ਕਰਨ ਦੇ ਵੀ ਹੁਕਮ ਜਾਰੀ ਕੀਤੇ ਹਨ।

ਯੁੱਧ ਤੇ ਪਾਬੰਦੀਆਂ ਨਾਲ ਤਬਾਹ ਹੋ ਚੁੱਕੀ ਇਰਾਕ ਦੀ ਸਿਹਤ ਪ੍ਰਣਾਲੀ ਹੁਣ ਕੋਰੋਨਾ ਵਾਇਰਸ ਸੰਕਟ ਨਾਲ ਜੂਝ ਰਹੀ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਇੱਥੇ 17,592 ਲੋਕ ਮਾਰੇ ਗਏ ਹਨ ਅਤੇ 14 ਲੱਖ ਤੋਂ ਵੱਧ ਲੋਕ ਪੀੜਤ ਪਾਏ ਗਏ ਹਨ। ਉੱਥੋਂ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ, “ਅੱਗ ਤੇ ਕਾਬੂ ਪਾਉਣ ਤੋਂ ਬਾਅਦ ਅਲ-ਹੂਸੈਨ ਕੋਰੋਨਾ ਵਾਇਰਸ ਹਸਪਤਾਲ ਵਿੱਚ ਜਾਂਚ ਅਭਿਆਨ ਜਾਰੀ ਸੀ ਪਰ ਸੰਘਣੇ ਧੂੰਏਂ ਕਾਰਨ ਕੁਝ ਸੜੇ ਹੋਏ ਵਾਰਡਾਂ ਵਿੱਚ ਦਾਖਲ ਹੋਣਾ ਮੁਸ਼ਕਿਲ ਹੋ ਰਿਹਾ ਸੀ।”
ਇਕ ਸਿਹਤ ਕਰਮਚਾਰੀ ਨੇ ਦੱਸਿਆ ਕਿ, “ਕਈ ਮਰੀਜ਼ ਕੋਰੋਨਾ ਵਾਇਰਸ ਵਾਰਡ ਦੇ ਅੰਦਰ ਭਿਆਨਕ ਅੱਗ ‘ਚ ਫਸ ਗਏ ਸਨ ਅਤੇ ਬਚਾਅ ਟੀਮ ਨੂੰ ਉਨ੍ਹਾਂ ਤਕ ਪਹੁੰਚਣ ਲਈ ਕਾਫ਼ੀ ਜੱਦੋਜਹਿਦ ਕਰਨੀ ਪਈ। ਸ਼ੁਰੂਆਤੀ ਪੁਲਿਸ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ, “ਅੱਗ ਹਸਪਤਾਲ ਦੇ ਕੋਵਿਡ-19 ਵਾਰਡ ਦੇ ਅੰਦਰ ਆਕਸੀਜਨ ਟੈਂਕ ‘ਚ ਧਮਾਕੇ ਕਾਰਨ ਲੱਗੀ ਸੀ।” ਹਸਪਤਾਲ ਦੇ ਇਕ ਗਾਰਡ ਅਲੀ ਮੁਹਸਿਨ ਨੇ ਕਿਹਾ ਕਿ, “ਉਸ ਨੇ ਕੋਰੋਨਾ ਵਾਇਰਸ ਵਾਰਡ ਦੇ ਅੰਦਰ ਕਾਫ਼ੀ ਤੇਜ਼ ਧਮਾਕਾ ਸੁਣਿਆ ਅਤੇ ਫਿਰ ਅੱਗ ਬਹੁਤ ਤੇਜ਼ੀ ਨਾਲ ਫੈਲਣੀ ਸ਼ੁਰੂ ਹੋ ਗਈ।”
