ਵਾਸ਼ਿੰਗਟਨ: ਵਿਸ਼ਵ ਸਿਹਤ ਸੰਗਠਨ ਨੇ ਭਾਵੇਂ ਹੀ ਇਸ ਬਾਰੇ ਫਿਲਹਾਲ ਖੁੱਲ੍ਹ ਕੇ ਗੱਲ ਨਹੀਂ ਕੀਤੀ ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਦੀ ਵੈਕਸੀਨ ਦੀ ਇਕ ਡੋਜ਼ ਇਨਸਾਨ ਨੂੰ ਵਾਇਰਸ ਤੋਂ ਬਚਾਉਣ ਲਈ ਕਾਫੀ ਨਹੀਂ ਹੋਵੇਗੀ। ਟ੍ਰਾਇਲ ਵਿਚ ਸਭ ਤੋਂ ਅੱਗੇ ਚਲ ਰਹੀਂ ਮਾਡਰੇਨਾ, ਐਸਟ੍ਰਾਜੇਨੇਕਾ, ਨੋਵਾਵੈਕਸ ਅਤੇ ਸਨੋਫੀ ਨੇ ਸਪੱਸ਼ਟ ਕੀਤਾ ਹੈ ਕਿ ਉਹਨਾਂ ਨੂੰ ਟ੍ਰਾਇਲ ਵਿਚ ਇਕ ਤੋਂ ਜ਼ਿਆਦਾ ਡੋਜ਼ ਦਾ ਇਸਤੇਮਾਲ ਕਰਨਾ ਪਿਆ ਹੈ।
ਅਜਿਹੇ ਵਿਚ ਤਿਆਰ ਵੈਕਸੀਨ ਦੇ ਵੀ ਸਿੰਗਲ ਸ਼ਾਟ ਘਟ ਬਣਨਗੇ। ਇਕ ਮੀਡੀਆ ਰਿਪੋਰਟ ਮੁਤਾਬਕ ਅਮਰੀਕੀ ਸਰਕਾਰ ਨੇ ਦੇਸ਼ ਦੀਆਂ ਵੱਡੀਆਂ 6 ਫਾਰਮਾ ਕੰਪਨੀਆਂ ਨੂੰ ਵੈਕਸੀਨ ਪ੍ਰੋਡਕਸ਼ਨ ਅਤੇ ਮੈਨਿਊਫੈਕਚਰਿੰਗ ਦਾ ਜ਼ਿੰਮਾ ਸੌਂਪਿਆ ਹੋਇਆ ਹੈ ਪਰ ਡਬਲ ਡੋਜ਼ ਦੇ ਮਾਮਲੇ ਵਿਚ ਇਹ ਵੀ ਨਾਕਾਮ ਹੁੰਦੀਆਂ ਨਜ਼ਰ ਆ ਰਹੀਆਂ ਹਨ।
ਮਾਡਰੇਨਾ, ਪੀਫਾਈਜ਼ਰ ਫਿਲਹਾਲ ਕੋਰੋਨਾ ਵੈਕਸੀਨ ਦਾ ਫੇਜ਼-3 ਕਲੀਨੀਕਲ ਟ੍ਰਾਇਲ ਕਰ ਰਹੀ ਹੈ। ਇਸ ਟ੍ਰਾਇਲ ਵਿਚ ਹਿੱਸਾ ਲੈਣ ਵਾਲੇ 30000 ਤੋਂ ਜ਼ਿਆਦਾ ਵਾਲੰਟੀਅਰਸ ਨੂੰ ਵੈਕਸੀਨ ਦੀਆਂ ਦੋ ਡੋਜ਼ ਦੇਣੀਆਂ ਪਈਆਂ ਹਨ। ਮਾਡਰੇਨਾ ਮੁਤਾਬਕ ਉਹਨਾਂ ਨੂੰ 28 ਦਿਨਾਂ ਬਾਅਦ ਦੂਜੀ ਡੋਜ਼ ਦੀ ਜ਼ਰੂਰਤ ਪਈ ਤਾਂ ਪੀਫਾਈਜ਼ਰ ਨੇ 21 ਦਿਨ ਬਾਅਦ ਵੈਕਸੀਨ ਦਾ ਦੂਜਾ ਸ਼ਾਟ ਦਿੱਤਾ ਸੀ।
ਉੱਧਰ ਐਸਟ੍ਰਾ ਜੇਨੇਕਾ ਨੇ ਵੀ ਇਸ ਮਹੀਨੇ ਫੇਜ਼-3 ਟ੍ਰਾਇਲ ਸ਼ੁਰੂ ਕੀਤੇ ਹਨ ਅਤੇ 28 ਦਿਨ ਦੇ ਅੰਤਰ ਤੇ ਇਸ ਟ੍ਰਾਇਲ ਵਿਚ ਵੀ ਦੂਜੀ ਡੋਜ਼ ਦਿੱਤੀ ਗਈ ਹੈ। ਇਸ ਦੇ ਫੇਜ਼-1 ਅਤੇ ਫੇਜ਼-2 ਟ੍ਰਾਇਲ ਵਿਚ ਵੀ 2 ਡੋਜ਼ ਹੀ ਦਿੱਤੀਆਂ ਗਈਆਂ ਸਨ। ਨੋਵਾਵੈਕਸ ਅਤੇ ਜਾਨਸਨ ਐਂਡ ਜਾਨਸਨ ਨੇ ਵੀ ਦਸਿਆ ਕਿ ਫੇਜ਼-3 ਟ੍ਰਾਇਲ ਲਈ ਉਹਨਾਂ ਨੇ ਕੁੱਝ ਮਰੀਜ਼ਾਂ ਨੂੰ ਹੀ ਇਕ ਡੋਜ਼ ਦਿੱਤੀ ਬਾਕੀਆਂ ਨੂੰ ਵੈਕਸੀਨ ਦਾ ਦੂਜਾ ਸ਼ਾਟ ਦੇਣਾ ਪਿਆ।
ਸਨੋਫੀ ਨੇ ਟ੍ਰਾਇਲ ਦੀ ਜਾਣਕਾਰੀ ਕੁੱਝ ਖਾਸ ਨਹੀਂ ਹੈ ਪਰ ਇਹ ਕਿਹਾ ਗਿਆ ਹੈ ਕਿ ਵੈਕਸੀਨ ਦੇ ਦੋ ਸ਼ਾਟਸ ਦੀ ਜ਼ਰੂਰਤ ਪੈ ਸਕਦੀ ਹੈ। ਕੰਪਨੀ ਨੇ ਕਿਹਾ ਹੈ ਕਿ ਚਿਕਨਪਾਕਸ, ਹੇਪੇਟਾਈਟਸ-A ਲਈ ਵੀ ਦੋ ਸ਼ਾਟਸ ਦੀ ਜ਼ਰੂਰਤ ਪੈਂਦੀ ਹੈ। ਰਿਪੋਰਟ ਮੁਤਾਬਕ ਅਮਰੀਕੀ ਦਵਾਈ ਕੰਪਨੀਆਂ ਭਾਰੀ ਦਬਾਅ ਹੇਠ ਹਨ ਅਤੇ ਉਹਨਾਂ ਨੇ ਜਲਦ ਤੋਂ ਜਲਦ 660 ਮਿਲੀਅਨ ਵੈਕਸੀਨ ਡੋਜ਼ ਦਾ ਉਤਪਾਦਨ ਕਰ ਕੇ ਵੰਡਣਾ ਹੈ।
ਲੋਕਾਂ ਨੂੰ ਵੈਕਸੀਨ ਦੇ ਡਬਲ ਸ਼ਾਟ ਲਈ ਮਨਾਉਣਾ ਵੀ ਇਕ ਵੱਡਾ ਕੰਮ ਹੈ ਕਿਉਂ ਕਿ ਐਂਟੀ-ਵੈਕਸੀਨ ਪ੍ਰਦਰਸ਼ਨ ਪਹਿਲਾਂ ਹੀ ਸ਼ੁਰੂ ਹੋ ਗਏ ਹਨ। ਇਸ ਤੋਂ ਇਲਾਵਾ ਭਾਰਤ ਅਤੇ ਹੋਰ ਵੱਡੀ ਆਬਾਦੀ ਦੇ ਦੇਸ਼ਾਂ ਬਾਰੇ ਗੱਲ ਕਰੀਏ ਤਾਂ ਉੱਥੇ ਸਥਿਤੀ ਹੋਰ ਵੀ ਖਤਰਨਾਕ ਸਾਬਿਤ ਹੋਣ ਵਾਲੀ ਹੈ। ਵੈਕਸੀਨ ਦੀ ਉਪਲੱਬਧਤਾ ਤੋਂ ਬਾਅਦ ਵੀ 28 ਜਾਂ 21 ਦਿਨ ਦੇ ਅੰਤਰ ਨਾਲ ਦੋ ਵੱਡੇ ਵੈਕਸੀਨੇਸ਼ਨ ਪ੍ਰੋਗਰਾਮ ਚਲਾਉਣੇ ਪੈਣਗੇ।
ਇੰਨੀ ਵੱਡੀ ਸਪਲਾਈ ਚੇਨ, ਪ੍ਰੋਡਕਸ਼ਨ, ਡਿਸਟ੍ਰੀਬਿਊਸ਼ਨ ਸਰਕਾਰਾਂ ਲਈ ਕਾਫ਼ੀ ਵੱਡਾ ਮੁੱਦਾ ਸਾਬਿਤ ਹੋਣ ਵਾਲਾ ਹੈ। ਵਾਂਡਰਬਿਲਟ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਕੈਲੀ ਮੂਰ ਮੁਤਾਬਕ ਇਹ ਦੁਨੀਆ ਦਾ ਹੁਣ ਤਕ ਦਾ ਸਭ ਤੋਂ ਮੁਸ਼ਕਿਲ ਵੈਕਸੀਨੇਸ਼ਨ ਪ੍ਰੋਗਰਾਮ ਸਾਬਿਤ ਹੋਵੇਗਾ। ਇਹ ਇੰਨੇ ਵੱਡੇ ਪੱਧਰ ਤੇ ਦੁਨੀਆ ਵਿਚ ਕਿਤੇ ਨਹੀਂ ਹੋਇਆ। ਅਮਰੀਕਾ ਨੇ ਸਾਲ 2009 ਵਿਚ ਫਲੂ ਲਈ 161 ਮਿਲੀਅਨ ਲੋਕਾਂ ਨੂੰ ਵੈਕਸੀਨ ਦਿੱਤੀ ਸੀ ਜਿਸ ਵਿਚ ਕਈ ਮਹੀਨੇ ਲੱਗ ਗਏ ਸਨ।
