ਕੋਰੋਨਾ ਦੇ ਵਧ ਰਹੇ ਮਾਮਲਿਆਂ ਦੌਰਾਨ ਜਲੰਧਰ ’ਚ ਵੀ ਲੱਗੇਗਾ ਲਾਕਡਾਊਨ

ਜਲੰਧਰ ਜ਼ਿਲ੍ਹੇ ਵਿੱਚ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੰਭੀਰ ਚਿੰਤਾ ਜ਼ਾਹਰ ਕੀਤੀ ਗਈ ਹੈ। ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਹਦਾਇਤ ਕੀਤੀ ਹੈ ਕਿ ਜੇ ਸ਼ਹਿਰ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਰਫ਼ਤਾਰ ਅਜਿਹੀ ਰਹੀ ਤਾਂ ਜਲੰਧਰ ਵਿੱਚ ਵੀ ਲਾਕਡਾਊਨ ਲਾਇਆ ਜਾ ਸਕਦਾ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਨੇ ਕਿਹਾ ਕਿ ਜਲੰਧਰ ਵਿੱਚ ਰੋਜ਼ਾਨਾ ਲਗਭਗ 400 ਨਵੇਂ ਕੇਸ ਆ ਰਹੇ ਹਨ।

ਉਹਨਾਂ ਅੱਗੇ ਦਸਿਆ ਕਿ ਹੁਣ ਤਕ ਕਰੀਬ 25,000 ਬੈਨੀਫਿਸ਼ਰੀ ਡਬਲ ਡੋਜ਼ ਲਾ ਚੁੱਕੇ ਹਨ। ਜਦਕਿ ਤਿੰਨ ਲੱਖ ਦੇ ਕਰੀਬ ਲੋਕਾਂ ਦਾ ਇਕ ਵਾਰ ਹੀ ਟੀਕਾਕਰਨ ਹੋਇਆ ਹੈ। ਡੀਸੀ ਨੇ ਕਿਹਾ ਕਿ ਜ਼ਿਲ੍ਹੇ ਨੂੰ ਰੋਜ਼ਾਨਾ 22 ਹਜ਼ਾਰ ਦੇ ਕਰੀਬ ਵੈਕਸੀਨ ਦੀ ਡੋਜ਼ ਮੁਹੱਈਆ ਹੋ ਰਹੀ ਹੈ।
ਦਸ ਦਈਏ ਕਿ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਕੋਵਿਡ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸਖ਼ਤ ਪਾਬੰਦੀਆਂ ਲਾਉਣ ਦੇ ਹੁਕਮ ਦਿੱਤੇ ਹਨ ਜੋ ਕਿ ਅੱਜ ਤੋਂ ਲਾਗੂ ਹੋਣਗੀਆਂ। ਇਸ ਦੇ ਨਾਲ ਹੀ ਨਾਈਟ ਕਰਫਿਊ ਦਾ ਸਮਾਂ ਵੀ ਬਦਲ ਕੇ ਰਾਤ 8 ਤੋਂ ਸਵੇਰੇ 5 ਵਜੇ ਤਕ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਬਾਰ, ਸਿਨੇਮਾ ਹਾਲ, ਜਿੰਮ, ਸਪਾਅ, ਕੋਚਿੰਗ ਸੈਂਟਰ, ਖੇਡ ਕੰਪਲੈਕਸ ਬੰਦ ਰਹਿਣਗੇ ਅਤੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਰੈਸਟੋਰੈਂਟਾਂ ਅਤੇ ਹੋਟਲਾਂ ਨੂੰ ਸਿਰਫ਼ ਖਾਣਾ ਘਰ ਲਿਜਾਣ ਤੇ ਹੋਮ ਡਿਲਵਰੀ ਦੀ ਇਜਾਜ਼ਤ ਦਿੱਤੀ ਗਈ ਹੈ। ਨਿੱਜੀ ਲੈਬਜ਼ ਦੁਆਰਾ ਕੀਤੀ ਜਾਂਦੀ ਆਰ.ਟੀ.-ਪੀ.ਸੀ.ਆਰ ਅਤੇ ਰੈਪਿਡ ਐਂਟੀਜੈਨ ਟੈਸਟਿੰਗ (ਆਰ.ਏ.ਟੀ) ਦੀਆਂ ਕੀਮਤਾਂ ਘਟਾ ਕੇ ਕ੍ਰਮਵਾਰ 450 ਰੁਪਏ ਅਤੇ 300 ਰੁਪਏ ਕਰ ਦਿੱਤੀ ਗਈ ਹੈ ਤੇ ਘਰੋਂ ਸੈਂਪਲ ਲੈਣ ਲਈ ਵਾਧੂ ਕੀਮਤ ਵਸੂਲੀ ਜਾਵੇਗੀ।
ਇਹ ਕਦਮ ਟੈਸਟਿੰਗ ਦੀ ਗਿਣਤੀ ਵਧਾਉਣ ਲਈ ਚੁੱਕੇ ਗਏ ਹਨ। ਪੂਰੇ ਸੂਬੇ ਵਿਚ ਵਿਆਹਾਂ/ਸਸਕਾਰ ਸਮੇਤ 20 ਤੋਂ ਜ਼ਿਆਦਾ ਵਿਅਕਤੀਆਂ ਦੇ ਇਕੱਠਾਂ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ ਅਤੇ 10 ਤੋਂ ਵੱਧ ਵਿਅਕਤੀਆਂ ਦੇ ਸਾਰੇ ਇਕੱਠਾਂ, ਸਿਰਫ ਸਸਕਾਰ ਨੂੰ ਛੱਡ ਕੇ, ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਾਊਂ ਮਨਜ਼ੂਰੀ ਜ਼ਰੂਰੀ ਕਰਾਰ ਦਿੱਤੀ ਗਈ ਹੈ।
