ਕੋਰੋਨਾ ਦੇ ਲਗਾਤਾਰ ਵਧ ਰਹੇ ਕੇਸ, ਦੇਸ਼ ’ਚ ਫਿਰ ਲਗੇਗਾ ਲਾਕਡਾਊਨ?

ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਇਕ ਦਿਨ ਦੇ ਅੰਦਰ 45882 ਨਵੇਂ ਮਾਮਲੇ ਸਾਹਮਣੇ ਆਉਣ ਕਾਰਨ ਪੀੜਤਾਂ ਦੀ ਗਿਣਤੀ 90 ਲੱਖ ਤੋਂ ਵੱਧ ਹੋ ਗਈ ਹੈ। ਸਵੇਰ ਦੇ ਅੰਕੜਿਆਂ ਮੁਤਾਬਕ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕੁੱਲ 90,04,365 ਮਾਮਲੇ ਹੋ ਗਏ ਹਨ।

24 ਘੰਟਿਆਂ ਦੇ ਅੰਦਰ ਵਾਇਰਸ ਕਾਰਨ ਅਤੇ 584 ਲੋਕਾਂ ਦੀ ਮੌਤ ਹੋਈ ਹੈ ਜਿਸ ਦੇ ਕਾਰਨ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,32,162 ਹੋ ਗਈ ਹੈ। ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ, ਅਹਿਮਦਾਬਾਦ ਅਤੇ ਇੰਦੌਰ ਵਰਗੇ ਸ਼ਹਿਰਾਂ ਵਿੱਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਤੋਂ ਬਾਅਦ ਸਰਕਾਰ ਇਕ ਵਾਰ ਫਿਰ ਸਖ਼ਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ।
ਦੇਸ਼ ਦੇ ਵਧਦੇ ਕੋਰੋਨਾ ਵਾਇਰਸ ਦੇ ਸੰਕਟ ਦੇ ਚਲਦੇ ਲਾਕਡਾਊਨ ਦੀ ਚਰਚਾ ਤੇਜ਼ ਹੋ ਗਈ ਹੈ। ਅਜਿਹੀਆਂ ਖ਼ਬਰਾਂ ਵੀ ਆ ਰਹੀਆਂ ਹਨ ਕਿ ਦੇਸ਼ ਵਿੱਚ ਇਕ ਵਾਰ ਫਿਰ ਲਾਕਡਾਊਨ ਲਗਾਉਣ ਦੀ ਤਿਆਰੀ ਚਲ ਰਹੀ ਹੈ। ਸੋਸ਼ਲ ਮੀਡੀਆ ਵਿੱਚ ਅਜਿਹੀਆਂ ਖ਼ਬਰਾਂ ਚਲ ਰਹੀਆਂ ਹਨ ਕਿ ਦੇਸ਼ ਵਿੱਚ 1 ਦਸੰਬਰ ਤੋਂ ਫਿਰ ਤੋਂ ਲਾਕਡਾਊਨ ਲਗਾਇਆ ਜਾ ਸਕਦਾ ਹੈ।
ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਸ਼ੁੱਕਰਵਾਰ ਤੋਂ ਨਿਗਮ ਸੀਮਾ ਕੋਲ 57 ਘੰਟੇ ਦਾ ਹਫ਼ਤਾਵਰ ਕਰਫਿਊ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਕ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਗੁਜਰਾਤ ਸਰਕਾਰ ਨੇ ਰਾਜ ਵਿੱਚ 23 ਨਵੰਬਰ ਤੋਂ ਸੈਕੰਡਰੀ ਸਕੂਲ ਅਤੇ ਕਾਲਜ ਖੋਲ੍ਹਣ ਦੇ ਅਪਣੇ ਫ਼ੈਸਲੇ ਤੇ ਰੋਕ ਲਗਾ ਦਿੱਤੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਅਹਿਮਦਾਬਾਦ ਸ਼ਹਿਰ ਵਿੱਚ ਸ਼ੁੱਕਰਵਾਰ ਰਾਤ ਨੌ ਵਜੇ ਤੋਂ ਕਰਫਿਊ ਸ਼ੁਰੂ ਹੋਵੇਗਾ ਜੋ ਕਿ ਸੋਮਵਾਰ ਸਵੇਰੇ 6 ਵਜੇ ਤਕ ਜਾਰੀ ਰਹੇਗਾ। ਵਧੀਕ ਮੁੱਖ ਸਕੱਤਰ ਰਾਜੀਵ ਕੁਮਾਰ ਗੁਪਤਾ ਨੇ ਕਿਹਾ ਕਿ ਇਸ ਕਰਫਿਊ ਦੌਰਾਨ ਕੇਵਲ ਦੁੱਧ ਅਤੇ ਦਵਾਈ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਰਹਿਣਗੀਆਂ।
ਗੁਪਤਾ ਦੇ ਗੁਜਰਾਤ ਸਰਕਾਰ ਨੇ ਵਿਸ਼ੇਸ਼ ਕਾਰਜ ਅਧਿਕਾਰੀ ਨਿਯੁਕਤ ਕੀਤਾ ਹੈ ਅਤੇ ਉਸ ਦਾ ਕੰਮ ਅਹਿਮਦਾਬਾਦ ਨਗਰ ਪਾਲਿਕਾ ਦੇ ਕੋਰੋਨਾ ਵਾਇਰਸ ਸਬੰਧੀ ਕੰਮਕਾਜ ਦੀ ਨਿਗਰਾਨੀ ਕਰਨਾ ਹੈ। ਗੁਪਤਾ ਨੇ ਸ਼ਾਮ ਨੂੰ ਐਲਾਨ ਕੀਤਾ ਸੀ ਕਿ ਸ਼ੁੱਕਰਵਾਰ ਤੋਂ ਅਗਲੇ ਹੁਕਮਾਂ ਤਕ ਰੋਜ਼ਾਨਾ ਰਾਤ ਨੌ ਵਜੇ ਤੋਂ ਸਵੇਰੇ 6 ਵਜੇ ਤਕ ਕਰਫਿਊ ਜਾਰੀ ਰਹੇਗਾ।
ਹਾਲਾਂਕਿ ਇਸ ਦੇ ਕੁੱਝ ਘੰਟਿਆਂ ਬਾਅਦ ਹੀ ਕਿਹਾ ਕਿ ਸ਼ੁੱਕਰਵਾਰ ਰਾਤ ਤੋਂ ਸੋਮਵਾਰ ਸਵੇਰੇ ਤਕ ਪੂਰਨ ਕਰਫਿਊ ਲਾਗੂ ਰਹੇਗਾ। ਉਹਨਾਂ ਨੇ ਸਪੱਸ਼ਟ ਕੀਤਾ ਕਿ ਰਾਤ ਦਾ ਕਰਫਿਊ ਸ਼ਹਿਰ ਵਿੱਚ ਸੋਮਵਾਰ ਰਾਤ ਨੌ ਵਜੇ ਤੋਂ ਲਾਗੂ ਹੋਵੇਗਾ।
