ਕੋਰੋਨਾ ਦੇ ਚਲਦੇ ਮੁੱਖ ਮੰਤਰੀ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ, ਕੀਤੀ ਇਹ ਮੰਗ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਵੀਰਵਾਰ ਨੂੰ ਪ੍ਰਧਾਨ ਮੰਤਰੀ ਨਾਲ ਵਰਚੁਅਲ ਬੈਠਕ ਤੋਂ ਬਾਅਦ ਮੁੱਖ ਮੰਤਰੀ ਨੇ ਪੱਤਰ ਲਿਖ ਕੇ ਕਈ ਅਹਿਮ ਸੁਝਾਅ ਦਿੱਤੇ।

ਇਸ ਤਹਿਤ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਆਪਣੀ ਕੋਵਿਡ ਟੀਕਾਕਰਨ ਰਣਨੀਤੀ ਦੀ ਫਿਰ ਤੋਂ ਸਮੀਖਿਆ ਕਰਨ ਲਈ ਕਿਹਾ ਹੈ। ਨਾਲ ਹੀ, ਜ਼ਿਆਦਾ ਖਤਰੇ ਵਾਲੇ ਇਲਾਕਿਆਂ ਵਿਚ ਸਾਰੇ ਬਾਲਗਾਂ ਅਤੇ 45 ਸਾਲ ਤੋਂ ਘੱਟ ਉਮਰ ਦੇ ਜਿਗਰ ਅਤੇ ਗੁਰਦਿਆਂ ਦੀ ਬੀਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਵੀ ਟੀਕਾਕਰਨ ਅਧੀਨ ਲਿਆਉਣ ਦੀ ਮੰਗ ਕੀਤੀ ਹੈ।
ਬੈਠਕ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਰਹੇ, ਜਿਸ ਦੌਰਾਨ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਸੂਬਾ ਸਰਕਾਰ ਵਲੋਂ ਕੋਵਿਡ ਦੀ ਰੋਕਥਾਮ ਲਈ ਹਰ ਸੰਭਵ ਅਤੇ ਪੁਰਜ਼ੋਰ ਯਤਨ ਕੀਤੇ ਜਾਣ ਬਾਰੇ ਭਰੋਸਾ ਦਿੱਤਾ। ਉਹਨਾਂ ਨੇ ਵੈਕਸੀਨ ਦੀ ਕਮੀ ਨੂੰ ਲੈ ਕੇ ਕੇਂਦਰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਸਪਲਾਈ ਆਰਡਰਜ਼ ਦੇ ਆਧਾਰ ਤੇ ਸੂਬਿਆਂ ਦੇ ਨਾਲ ਅਗਲੀ ਤਿਮਾਹੀ ਵਿੱਚ ਵੈਕਸੀਨ ਦੀ ਸਪਲਾਈ ਦਾ ਪ੍ਰੋਗਰਾਮ ਸਾਂਝਾ ਕੀਤਾ ਜਾਵੇ।
ਕੈਪਟਨ ਨੇ ਜੱਜਾਂ ਅਤੇ ਜੁਡੀਸ਼ੀਅਲ ਅਫ਼ਸਰਾਂ, ਬੱਸ ਚਾਲਕਾਂ ਅਤੇ ਕੰਡਕਟਰਾਂ, ਸਾਰੇ ਪੱਧਰ ਦੇ ਚੁਣੇ ਹੋਏ ਨੁਮਾਇੰਦਿਆਂ ਆਦਿ ਨੂੰ ਪੇਸ਼ਾ ਆਧਾਰਤ ਟੀਕਾਕਰਨ ਲਈ ਆਗਿਆ ਦੇਣ ਤੇ ਵੀ ਜ਼ੋਰ ਦਿੱਤਾ।
