ਕੋਰੋਨਾ ’ਤੇ ਪੀਐਮ ਮੋਦੀ ਨੇ ਸੂਬਿਆਂ ਨੂੰ ਦਿੱਤੀ ਇਹ ਸਲਾਹ

ਦੇਸ਼ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵਰਚੁਅਲ ਬੈਠਕ ਹੋਈ ਹੈ। ਇਸ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਵਧਦੇ ਮਾਮਲਿਆਂ ’ਤੇ ਰੋਕ ਲਗਾਉਣ ਲਈ ਦਵਾਈ ਦੇ ਨਾਲ-ਨਾਲ ਸਖ਼ਤਾਈ ਵੀ ਜ਼ਰੂਰਤ ਹੈ।

ਪੀਐਮ ਦੇ ਨਾਲ ਮੁੱਖ ਮੰਤਰੀਆਂ ਦੀ ਇਹ ਵਰਚੁਅਲ ਬੈਠਕ ਅਜਿਹੇ ਸਮੇਂ ਹੋਈ ਹੈ ਜਦੋਂ ਕਈ ਸੂਬਿਆਂ ਵਿੱਚ ਕੋਰੋਨਾ ਵਾਇਰਸ ਨੇ ਨਵੇਂ ਸਿਰੇ ਤੋਂ ਅਪਣਾ ਸਿਰ ਚੁੱਕਿਆ ਹੈ। ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਤੋਂ ਡਰਨਾ ਨਹੀਂ ਚਾਹੀਦਾ ਸਗੋਂ ਇਸ ਪ੍ਰਤੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
ਲੋਕਾਂ ਕੋਲ ਵੈਕਸੀਨ ਤਾਂ ਆ ਚੁੱਕੀ ਹੈ ਪਰ ਸਖ਼ਤਾਈ ਵਰਤਣ ਦੀ ਜ਼ਰੂਰਤ ਹੈ। ਕੁੱਝ ਸੂਬਿਆਂ ਦੇ ਮੁੱਖ ਮੰਤਰੀ ਇਸ ਬੈਠਕ ਵਿੱਚ ਚੋਣ ਪ੍ਰੋਗਰਾਮਾਂ ਕਰ ਕੇ ਸ਼ਾਮਲ ਨਹੀਂ ਹੋ ਸਕੇ। ਕੇਂਦਰੀ ਸਿਹਤ ਵਿਭਾਗ ਦੀ ਬੁੱਧਵਾਰ ਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 28,903 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 17,741 ਲੋਕ ਠੀਕ ਹੋ ਚੁੱਕੇ ਹਨ। ਇਹ 2021 ਵਿੱਚ ਇਕ ਦਿਨ ਦਾ ਜ਼ਿਆਦਾ ਅੰਕੜਾ ਹੈ।
ਬੀਤੇ 24 ਘੰਟਿਆਂ ਵਿੱਚ 188 ਲੋਕਾਂ ਦੀ ਜਾਨ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 1, 14,38,734 ਹੋ ਗਈ। ਦੇਸ਼ ਵਿੱਚ ਇਕ ਦਿਨ ਵਿੱਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਮਾਮਲੇ 28,903 ਵਿਚੋਂ 71.10 ਪ੍ਰਤੀਸ਼ਤ ਮਾਮਲੇ ਮਹਾਰਾਸ਼ਟਰ, ਪੰਜਾਬ, ਕਰਨਾਟਕ, ਗੁਜਰਾਤ ਅਤੇ ਤਮਿਲਨਾਡੂ ਤੋਂ ਹਨ।
ਸੂਬਿਆਂ ਨੂੰ ਦਿੱਤੀ ਇਹ ਸਲਾਹ
‘ਦਵਾਈ ਵੀ-ਸਖ਼ਤੀ ਵੀ’ ਦਾ ਪਾਲਣ ਕਰਨਾ ਹੋਵੇਗਾ
ਆਰਟੀ-ਪੀਸੀਆਰ ਟੈਸਟਿੰਗ ਨੂੰ ਵਧਾਉਣਾ ਹੋਵੇਗਾ
ਮਾਈਕ੍ਰੋ-ਕੰਟੇਨਮੈਂਟ ਜ਼ੋਨ ਬਣਾਉਣ ’ਤੇ ਜ਼ੋਰ ਦਿੱਤਾ ਜਾਵੇ
ਵੈਕਸੀਨ ਲਗਾਉਣ ਵਾਲੇ ਕੇਂਦਰਾਂ ਦੀ ਗਿਣਤੀ ਵਧਾਈ ਜਾਵੇ, ਸਰਕਾਰੀ-ਪ੍ਰਾਈਵੇਟ ਕਿਸੇ ਵਿੱਚ ਵੀ ਵੈਕਸੀਨ ਲਗਾਉਣ ਦੀ ਸਹੂਲਤ ਹੋਵੇ
ਵੈਕਸੀਨ ਦੀ ਐਕਸਪਾਇਰੀ ਤਰੀਕ ਦਾ ਵੀ ਧਿਆਨ ਰੱਖਿਆ ਜਾਵੇ
