ਕੋਟਕਪੂਰਾ ਪਹੁੰਚੇ ਪ੍ਰਿਅੰਕਾ ਗਾਂਧੀ ਨੇ ਭਾਜਪਾ, ‘ਆਪ’ ਨੂੰ ਲਾਏ ਰਗੜੇ, ਕਿਹਾ, ਭਾਜਪਾ ਨੇ ਕਿਸਾਨਾਂ ਦੀ ਆਵਾਜ਼ ਨਹੀਂ ਸੁਣੀ

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਪੰਜਾਬ ਪਹੁੰਚੇ ਹਨ। ਇਸ ਦੌਰਾਨ ਪ੍ਰਿਅੰਕਾ ਗਾਂਧੀ ਨੇ ਕੋਟਕਪੂਰਾ ਪਹੁੰਚੇ, ਜਿੱਥੇ ਉਹਨਾਂ ਨੇ ਵਿਰੋਧੀਆਂ ਤੇ ਨਿਸ਼ਾਨੇ ਵਿੰਨ੍ਹੇ ਹਨ। ਉਹਨਾਂ ਕਿਹਾ ਕਿ ਭਾਜਪਾ ਨੇ ਕਿਸਾਨਾਂ ਦੀ ਆਵਾਜ਼ ਨਹੀਂ ਸੁਣੀ। ਸਰਕਾਰ ਨੇ ਕਿਸਾਨਾਂ ਨੂੰ ਕੁਚਲਿਆ ਹੈ।

ਕੇਜਰੀਵਾਲ ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਦਿੱਲੀ ਮਾਡਲ ਦੇ ਨਾਂ ਤੇ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਕੁਝ ਨਹੀਂ ਕੀਤਾ। ਚੰਨੀ ਸਰਕਾਰ ਨੇ 100 ਦਿਨਾਂ ਵਿੱਚ ਬਹੁਤ ਕੁੱਝ ਕੀਤਾ ਹੈ ਅਤੇ ਕੈਪਟਨ ਸਰਕਾਰ ਵਿੱਚ ਕੁੱਝ ਖਾਮੀਆਂ ਸਨ।
ਕਿਸਾਨ ਅੰਦੋਲਨ ਅਤੇ ਲਖੀਮਪੁਰ ਖੀਰੀ ਦੇ ਕਾਂਡ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀ ਪੰਜਾਬੀਅਤ ਵੇਖੀ ਗਈ ਪਰ ਭਾਜਪਾ ਦੀ ਸਰਕਾਰ ਨੇ ਕਿਸਾਨਾਂ ਦੀ ਆਵਾਜ਼ ਨਹੀਂ ਸੁਣੀ। ‘ਆਪ’ ’ਤੇ ਤੰਜ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਦਿੱਲੀ ਦੀ ਅਸਲੀਅਤ ਵੀ ਭਾਜਪਾ ਦੀ ਸਰਕਾਰ ਵਾਂਗ ਹੀ ਹੈ।
ਜਿਵੇਂ ਗੁਜਰਾਤ ਦਾ ਮਾਡਲ ਸਿਰਫ਼ ਕਾਗਜ਼ਾਂ ’ਚ ਸੀ, ਉਸੇ ਤਰ੍ਹਾਂ ਹੀ ਦਿੱਲੀ ਸਰਕਾਰ ਦਾ ਮਾਡਲ ਵੀ ਸਿਰਫ਼ ਵਿਗਿਆਪਨਾਂ ’ਚ ਹੀ ਹੈ। ਦਿੱਲੀ ’ਚ ਸਿਹਤ ਦੇ ਨਾਂ ’ਤੇ ਜਾਂ ਫਿਰ ਸਕੂਲਾਂ ਬਾਰੇ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕ ਇਕ ਵਾਰੀ ਦਿੱਲੀ ਆ ਕੇ ਵੇਖਣ ਕਿ ਦਿੱਲੀ ਦੇ ਲੋਕ ਕਿਵੇਂ ਜੀਅ ਰਹੇ ਹਨ।
