ਕੋਟਕਪੂਰਾ ਗੋਲੀਕਾਂਡ ’ਚ ਬੁਰੇ ਫਸ ਸਕਦੇ ਨੇ ਸੁਖਬੀਰ ਬਾਦਲ, ਘਟਨਾ ਤੋਂ ਪਹਿਲਾਂ 157 ਵਾਰ ਆਇਆ ਫੋਨ

ਕੋਟਕਪੂਰਾ ਗੋਲੀਕਾਂਡ ਦਾ ਮਾਮਲਾ ਲਗਾਤਾਰ ਗਰਮਾ ਰਿਹਾ ਹੈ। ਇਸ ਘਟਨਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਘਿਰ ਸਕਦੇ ਹਨ ਕਿਉਂ ਕਿ 14 ਅਕਤੂਬਰ 2015 ਨੂੰ ਵਾਪਰੇ ਕੋਟਕਪੂਰਾ ਗੋਲੀਕਾਂਡ ਸਮੇਂ ਉਹ ਹੀ ਸੂਬੇ ਦੇ ਗ੍ਰਹਿ ਮੰਤਰੀ ਸਨ। ਸਿੱਟ ਵੱਲੋਂ ਇਸ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ ਸੀ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੜਤਾਲ ਦੌਰਾਨ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਉਹਨਾਂ ਨੇ ਸ਼ਾਂਤੀਪੂਰਵਕ ਧਰਨਾ ਚੁਕਾਉਣ ਲਈ ਕਿਹਾ ਸੀ ਤੇ ਉਹਨਾਂ ਨੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ। ਖ਼ਾਸ ਗੱਲ ਇਹ ਪਤਾ ਲੱਗੀ ਹੈ ਕਿ ਕੋਟਕਪੂਰਾ ਗੋਲੀਕਾਂਡ ਵਾਪਰਨ ਤੋਂ ਘੰਟਾ ਪਹਿਲਾਂ ਫ਼ਰੀਦਕੋਟ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੁੱਖ ਮੰਤਰੀ ਦਫ਼ਤਰ ਵਿੱਚ 157 ਵਾਰ ਫੋਨ ਰਾਹੀਂ ਗੱਲ ਹੋਈ ਸੀ।

ਇਹਨਾਂ ਵਿੱਚੋਂ ਕੁਝ ਫੋਨ ਸੁਖਬੀਰ ਬਾਦਲ ਨੂੰ ਵੀ ਕੀਤੇ ਗਏ ਸਨ। ਇਸ ਗੱਲਬਾਤ ਤੋਂ ਕੁਝ ਸਮਾਂ ਬਾਅਦ ਹੀ ਕੋਟਕਪੂਰਾ ਗੋਲੀਕਾਂਡ ਘਟਨਾ ਵਾਪਰ ਗਈ ਸੀ। ਜਾਂਚ ਟੀਮ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਜਦੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫਰੀਦਕੋਟ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਸੀ ਕਿ ਧਰਨੇ ਤੇ ਬੈਠੇ ਅੰਦੋਲਨਕਾਰੀਆਂ ਨੂੰ ਸ਼ਾਂਤੀ ਨਾਲ ਚੁੱਕਿਆ ਜਾਵੇ ਤਾਂ ਫਿਰ ਸਿੱਖ ਸੰਗਤਾਂ ਉੱਪਰ ਗੋਲੀ ਕਿਸ ਨੇ ਹੁਕਮਾਂ ਨਾਲ ਚਲਾਈ ਗਈ?
ਵਿਸ਼ੇਸ਼ ਜਾਂਚ ਟੀਮ ਨੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ 26 ਜੂਨ ਲਈ ਤਲਬ ਕੀਤਾ ਹੈ। ਉਹਨਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਮਿੰਨੀ ਪੁਲਿਸ ਕੇਂਦਰ ਵਿੱਚ ਸਵੇਰੇ 11 ਵਜੇ ਟੀਮ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛ-ਪੜਤਾਲ ਹੋਣ ਮਗਰੋਂ ਸਪੱਸ਼ਟ ਹੈ ਕਿ ਸੁਮੇਧ ਸੈਣੀ ਤੇ ਪਰਮਰਾਜ ਸਿੰਘ ਉਮਰਾਨੰਗਲ ਦੀ ਕੋਟਕਪੂਰਾ ਗੋਲੀਕਾਂਡ ਵਿੱਚ ਵੱਡੀ ਭੂਮਿਕਾ ਸੀ।
ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਟਕਪੂਰਾ ਗੋਲੀਕਾਂਡ ਲਈ ਗ੍ਰਹਿ ਵਿਭਾਗ ਨੇ ਕਿਸੇ ਤਰ੍ਹਾਂ ਦਾ ਹੁਕਮ ਜਾਰੀ ਕੀਤਾ ਸੀ ਕਿ ਨਹੀਂ ਤੇ ਪਰਮਰਾਜ ਸਿੰਘ ਉਮਰਾਨੰਗਲ ਕੋਟਕਪੂਰਾ ਕਿਵੇਂ ਪਹੁੰਚ ਗਏ ਜਦਕਿ ਰਿਕਾਰਡ ਮੁਤਾਬਕ ਉਹਨਾਂ ਨੂੰ ਕਿਸੇ ਨੇ ਕੋਟਕਪੂਰਾ ਭੇਜਿਆ ਹੀ ਨਹੀਂ।
ਇਹਨਾਂ ਸਾਰੇ ਸਵਾਲਾਂ ਵਿੱਚ ਸੁਖਬੀਰ ਬਾਦਲ ਕਸੂਤੇ ਘਿਰ ਸਕਦੇ ਹਨ ਕਿਉਂ ਕਿ ਉਹ ਉਸ ਸਮੇਂ ਗ੍ਰਹਿ ਮੰਤਰੀ ਸਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਨੇ ਨਾਜ਼ੁਕ ਮਾਮਲੇ ਵਿੱਚ ਪੁਲਿਸ ਇੰਨੀ ਵੱਡੀ ਕਾਰਵਾਈ ਗ੍ਰਹਿ ਮੰਤਰੀ ਦੇ ਹੁਕਮਾਂ ਤੋਂ ਬਿਨਾਂ ਕਿਵੇਂ ਕਰ ਸਕਦੀ ਹੈ ਤੇ ਜੇ ਪੁਲਿਸ ਨੇ ਬਗੈਰ ਹੁਕਮ ਗੋਲੀ ਚਲਾਈ ਤਾਂ ਉਸ ਸਮੇਂ ਸਰਕਾਰ ਨੇ ਅਫ਼ਸਰਾਂ ਖਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ।
