ਕੈਪਟਨ ਨੇ ਹਰਿਆਣਾ ਸਰਕਾਰ ਨੂੰ ਕੀਤੀ ਖ਼ਾਸ ਅਪੀਲ, ਕਹਿ ਦਿੱਤੀ ਇਹ ਗੱਲ

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਦੇ ਵੱਖ ਵੱਖ ਥਾਵਾਂ ਤੇ ਬਾਰਡਰ ਸੀਲ ਕੀਤੇ ਗਏ ਹਨ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਕਿਸਾਨਾਂ ਨੂੰ ਦਿੱਲੀ ਵੱਲ ਕੂਚ ਕਰਨ ਲਈ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਹੈ।

ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਨੂੰ ਦਿੱਲੀ ਕੂਚ ਲਈ ਅੱਗੇ ਵੱਧਣ ਦਿੱਤਾ ਜਾਵੇ। ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਵਿੱਚ ਸ਼ਾਂਤੀ ਪੂਰਨ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਬਲ ਦਾ ਸਹਾਰਾ ਲੈ ਕੇ ਕਿਸਾਨਾਂ ਨੂੰ ਕਿਉਂ ਉਕਸਾ ਰਹੀ ਹੈ?
ਕੀ ਕਿਸਾਨਾਂ ਨੂੰ ਜਨਤਕ ਰਾਜਮਾਰਗ ਤੋਂ ਸ਼ਾਂਤੀਪੂਰਨ ਲੰਘਣ ਦਾ ਵੀ ਅਧਿਕਾਰ ਨਹੀਂ ਹੈ? ਉਨ੍ਹਾਂ ਮਨੋਹਰ ਲਾਲ ਖੱਟੜ ਨੂੰ ਅਪੀਲ ਕਰਦੇ ਕਿਹਾ ਕਿ ਕਿਸਾਨਾਂ ਨੂੰ ਅੱਗੇ ਵੱਧਣ ਦਿੱਤਾ ਜਾਵੇ। ਦਸ ਦਈਏ ਕਿ ਕਿਸਾਨਾਂ ਵੱਲੋਂ ਦਿੱਲੀ ਨੂੰ ਘੇਰਨ ਦੀ ਤਿਆਰੀ ਹੈ। ਇਸ ਨੂੰ ਵੇਖਦਿਆਂ ਦਿੱਲੀ ਨਾਲ ਲੱਗਦੀਆਂ ਹਰਿਆਣਾ ਦੀਆਂ ਸਰਹੱਦਾਂ ‘ਤੇ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।
ਦਿੱਲੀ ਪੁਲਸ ਨੇ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਹੈ। ਅਜਿਹੇ ‘ਚ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ। ਹਾਲਾਤ ਨੂੰ ਵੇਖਦੇ ਹੋਏ ਬਾਰਡਰ ‘ਤੇ ਭਾਰੀ ਫੋਰਸ ਤਾਇਨਾਤ ਹੈ। ਪੁਲਸ ਨੂੰ ਸਾਫ਼ ਨਿਰਦੇਸ਼ ਦਿੱਤਾ ਗਿਆ ਹੈ ਕਿ ਕਿਸਾਨਾਂ ਨੂੰ ਦਿੱਲੀ ‘ਚ ਦਾਖ਼ਲ ਨਾ ਹੋਣ ਦਿੱਤਾ ਜਾਵੇ। ਫ਼ਿਲਹਾਲ ਕਿਸਾਨ ਕਰਨਾਲ ਨੇੜੇ ਹਨ।
ਦਿੱਲੀ ਪੁਲਸ ਵਲੋਂ ਕਿਸਾਨਾਂ ਨੂੰ ਸਾਫ਼ ਕਹਿ ਦਿੱਤਾ ਗਿਆ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਨਾ ਹੋਣ। ਜੇਕਰ ਕਿਸਾਨ ਦੂਜੇ ਸੂਬਿਆਂ ਤੋਂ ਦਿੱਲੀ ਆਏ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਿਸਾਨ ਅਪਣੇ ਨਾਲ ਰਾਸ਼ਨ ਪਾਣੀ ਦਾ ਪੂਰਾ ਪ੍ਰਬੰਧ ਕਰ ਕੇ ਜਾ ਰਹੇ ਹਨ ਕਿਉਂ ਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਲੜਾਈ ਲੰਬੀ ਹੈ ਤੇ ਕਿਸਾਨਾਂ ਨੂੰ ਕਈ ਮਹੀਨਿਆਂ ਦਾ ਸਮਾਂ ਵੀ ਲੱਗ ਸਕਦਾ ਹੈ।
ਪੰਜਾਬ ਤੋਂ ਲਗਭਗ 3 ਲੱਖ ਕਿਸਾਨ ਦਿੱਲੀ ਲਈ ਰਵਾਨਾ ਹੋਇਆ ਹੈ। ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਭਾਰੀ ਜਾਮ ਹੋ ਗਿਆ ਹੈ। ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖਦਿਆਂ ਦਿੱਲੀ-ਹਰਿਆਣਾ ਬਾਰਡਰ ਤੇ ਸਖ਼ਤ ਸੁਰੱਖਿਆ ਹੈ ਅਤੇ ਡਰੋਨ ਜ਼ਰੀਏ ਨਜ਼ਰ ਰੱਖੀ ਜਾ ਰਹੀ ਹੈ। ਪਟਿਆਲਾ ਅੰਬਾਲਾ ਹਾਈਵੇਅ ਨੇੜੇ ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ।
