ਕੈਪਟਨ ਨੇ ਸੱਦੀ ਕੈਬਨਿਟ ਮੀਟਿੰਗ, ਬਾਗ਼ੀ ਵਿਧਾਇਕਾਂ ’ਤੇ ਹੋਵੇਗੀ ਕਾਰਵਾਈ?

ਪੰਜਾਬ ਕਾਂਗਰਸ ਵਿੱਚ ਕਲੇਸ਼ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਇਸ ਦੇ ਚਲਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੈਬਨਿਟ ਮੀਟਿੰਗ ਬੁਲਾਈ ਹੈ। ਇਸ ਬੈਠਕ ਵਿੱਚ ਨਵਜੋਤ ਸਿੱਧੂ ਧੜੇ ਦੇ ਮੰਤਰੀ ਵੀ ਮੌਜੂਦ ਰਹਿਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਾਗੀ ਮੰਤਰੀਆਂ ਬਾਰੇ ਮੀਟਿੰਗ ਵਿੱਚ ਕੀ ਰਵੱਈਆ ਹੋਵੇਗਾ, ਇਸ ’ਤੇ ਸਭ ਦੀਆਂ ਨਜ਼ਰਾਂ ਹਨ। ਪੰਜਾਬ ਕਾਂਗਰਸ ਵਿੱਚ ਚੱਲ ਰਹੇ ਮਤਭੇਦ ਦੇ ਵਿਚਕਾਰ ਅੱਜ ਦੁਪਹਿਰ 3.30 ਵਜੇ ਕੈਬਨਿਟ ਦੀ ਇਹ ਬੈਠਕ ਬੁਲਾਈ ਗਈ ਹੈ।

ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਇਸ ਮੀਟਿੰਗ ਵਿੱਚ ਕੈਪਟਨ ਤੇ ਸਿੱਧੂ ਧੜਿਆਂ ਦੇ ਮੰਤਰੀ ਸ਼ਾਮਲ ਹੋਣ ਜਾ ਰਹੇ ਹਨ। ਬੈਠਕ ਤੋਂ ਪਹਿਲਾਂ ਸੋਨੀਆ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਰੀ ਝੰਡੀ ਦੇ ਦਿੱਤੀ ਹੈ। ਮੀਟਿੰਗ ਵਿੱਚ ਕੀ ਹੋਵੇਗਾ, ਇਹ ਤਾਂ ਮੀਟਿੰਗ ਤੋਂ ਬਾਅਦ ਹੀ ਸਾਹਮਣੇ ਆਵੇਗਾ, ਪਰ ਕਾਂਗਰਸੀ ਵਿਧਾਇਕ ਰਾਜਕੁਮਾਰ ਵਾਰਕਾ ਨੇ ਬਾਗ਼ੀਆਂ ਬਾਰੇ ਜੋ ਕਿਹਾ, ਉਹ ਕੁਝ ਹੋਰ ਹੀ ਦੱਸ ਰਿਹਾ ਹੈ।
ਕਾਂਗਰਸੀ ਵਿਧਾਇਕ ਰਾਜਕੁਮਾਰ ਵਰਕਾ ਨੇ ਆਪਣੇ ਬਿਆਨ ਵਿੱਚ ਜੋ ਕਿਹਾ, ਉਸ ਤੋਂ ਲਗਦਾ ਹੈ ਕਿ ਕੈਬਨਿਟ ਮੀਟਿੰਗ ਵਿੱਚ ਹੀ ਬਾਗ਼ੀ ਵਿਧਾਇਕਾਂ ਵਿਰੁੱਧ ਕਾਰਵਾਈ ਹੋਣ ਜਾ ਰਹੀ ਹੈ, ਇਸ ਦਾ ਜਵਾਬ ਬੈਠਕ ਤੋਂ ਬਾਅਦ ਹੀ ਮਿਲੇਗਾ। ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਸਿੱਧੂ ਤੇ ਕੈਪਟਨ ਧੜੇ ਦੇ ਵਿਧਾਇਕ ਇੱਕ ਛੱਤ ਹੇਠ ਹੋਣਗੇ।
ਇਹ ਵੇਖਣਾ ਹੋਵੇਗਾ ਕਿ ਇਸ ਮੀਟਿੰਗ ਵਿੱਚ ਕੋਈ ਸੁਲ੍ਹਾ ਹੁੰਦੀ ਹੈ ਜਾਂ ਕੋਈ ਨਵਾਂ ਹੰਗਾਮਾ ਖੜ੍ਹਾ ਹੋਣ ਵਾਲਾ ਹੈ। ਉੱਥੇ ਹੀ ਹਰੀਸ਼ ਰਾਵਤ ਨੇ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਦੀ ਅਗਵਾਈ ਵਿੱਚ ਹੀ ਲੜੀਆਂ ਜਾਣਗੀਆਂ।
