ਕੈਪਟਨ ਖਿਲਾਫ਼ ਬਗ਼ਾਵਤ, AICC ਨੇ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਬੁਲਾਈ ਬੈਠਕ

ਪੰਜਾਬ ਵਿੱਚ ਕਾਂਗਰਸ ਆਗੂਆਂ ਵਿਚਕਾਰ ਕਲੇਸ਼ ਅਜੇ ਖਤਮ ਨਹੀਂ ਹੋਇਆ। ਕਾਂਗਰਸ ਦੇ ਵਿਧਾਇਕਾਂ ਨੇ ਸੀਨੀਅਰ ਲੀਡਰਾਂ ਨੂੰ ਚਿੱਠੀ ਲਿਖ ਕੇ ਵਿਧਾਇਕ ਦਲ ਦੀ ਬੈਠਕ ਦੀ ਮੰਗ ਕੀਤੀ ਹੈ। ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਪੰਜਾਬ ਕਾਂਗਰਸ ਦੇ ਇੰਚਾਰਜ ਜਨਰਲ ਸਕੱਤਰ ਹਰੀਸ਼ ਰਾਵਤ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਵਿਧਾਇਕਾਂ ਦੀ ਅਪੀਲ ਤੋਂ ਬਾਅਦ ਸ਼ਨੀਵਾਰ ਨੂੰ ਸ਼ਾਮ 5 ਵਜੇ ਪੰਜਾਬ ਵਿੱਚ ਕਾਂਗਰਸ ਵਿਧਾਇਕ ਦਲ ਦੀ ਬੈਠਕ ਬੁਲਾਈ ਜਾਵੇਗੀ।

ਹਰੀਸ਼ ਰਾਵਤ ਨੇ ਟਵੀਟ ਕਰਦਿਆਂ ਕਿਹਾ ਕਿ, ਏਆਈਸੀਸੀ ਨੇ ਪੀਪੀਸੀਸੀ ਨੂੰ ਇਸ ਬੈਠਕ ਨੂੰ ਸੁਵਿਧਾਜਨਕ ਬਣਾਉਣ ਦਾ ਹੁਕਮ ਦਿੱਤਾ ਹੈ। ਉਹਨਾਂ ਨੇ ਪੰਜਾਬ ਕਾਂਗਰਸ ਦੇ ਸਾਰੇ ਵਿਧਾਇਕਾਂ ਨੂੰ ਕਿਹਾ ਕਿ ਉਹ ਸਾਰੇ ਇਸ ਬੈਠਕ ਵਿੱਚ ਭਾਗ ਲੈਣ। ਨਵਜੋਤ ਸਿੰਘ ਸਿੱਧੂ ਨੇ ਵੀ ਜਲਦ ਬੁਲਾਈ ਮੀਟਿੰਗ ਬਾਰੇ ਇਹੀ ਜਾਣਕਾਰੀ ਟਵੀਟ ਕੀਤੀ ਹੈ ਅਤੇ ਕੇਂਦਰੀ ਸੰਸਥਾ ਵੱਲੋਂ ਇੱਕ ਅਬਜ਼ਰਵਰ ਭੇਜਣ ਦੀ ਸੰਭਾਵਨਾ ਹੈ।
ਵਿਧਾਇਕਾਂ ਨੇ ਮੰਗ ਕੀਤੀ ਹੈ ਕਿ ਦਿੱਲੀ ਤੋਂ ਦੋ ਨਿਰਪੱਖ ਨਿਗਰਾਨ ਭੇਜੇ ਜਾਣ ਤਾਂ ਜੋ ਉਹ ਆਪਣੀਆਂ ਸ਼ਿਕਾਇਤਾਂ ਦੱਸ ਸਕਣ। ਅਸਲ ‘ਚ ਕੈਪਟਨ ਦੀ ਚਾਰ ਮੰਤਰੀਆਂ ਸਮੇਤ ਸਿੱਧੂ ਖੇਮੇ ਨਾਲ ਸਿਆਸੀ ਖਿੱਚੋਤਾਣ ਤਾਂ ਕਈ ਮਹੀਨਿਆਂ ਤੋਂ ਚੱਲ ਰਹੀ ਹੈ। ਪਰ ਕੈਪਟਨ ਨੂੰ ਪਲਟਣ ‘ਚ ਹੁਣ ਤਕ ਸਫ਼ਲ ਨਹੀਂ ਹੋਏ। ਪਰ ਹੁਣ ਮਸਲਾ ਗੰਭੀਰ ਹੈ ਤੇ ਹਾਈਕਮਾਨ ਵੀ ਪਾਰਟੀ ‘ਚ ਕੈਪਟਨ ਖਿਲਾਫ ਉੱਠਦੀਆਂ ਬਗਾਵਤੀ ਸੁਰਾਂ ਨੂੰ ਅਹਿਮੀਅਤ ਦੇ ਰਿਹਾ ਹੈ। ਨਹੀਂ ਤਾਂ CLP ਦਾ ਸੰਦੇਸ਼ ਏਨੀ ਦੇਰ ਰਾਤ ਨਾ ਆਉਂਦਾ।
ਜਾਣਕਾਰੀ ਦੇ ਮੁਤਾਬਕ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਸਿਆਸੀ ਪੈਂਤੜਾ ਇਹ ਸੀ ਕਿ ਨਾਰਾਜ਼ ਵਿਧਾਇਕ CLP ਮੀਟਿੰਗ ਬੁਲਾਉਣ ਦਾ ਦਬਾਅ ਬਣਾਉਣਗੇ ਤੇ ਜੇ ਕੈਪਟਨ ਦੀ ਬੈਠਕ ‘ਚ ਕੈਪਟਨ ਦੀ ਮੁਖ਼ਾਲਫ਼ਤ ਹੋਵੇਗੀ ਤਾਂ ਅਗਵਾਈ ਪਰਿਵਰਤਨ ਤੇ ਰਾਏਸ਼ੁਮਾਰੀ ਦਾ ਰਾਹ ਪੱਧਰਾ ਹੋ ਜਾਵੇਗਾ। ਪਰ ਕੈਪਟਨ ਮਾਫੀ ਮੰਗਣ ਵਾਲੀ ਜ਼ਿੱਦ ਛੱਡ ਕੇ ਸਿੱਧੂ ਦੇ ਸਹੁੰ ਚੁੱਕ ਸਮਾਗਮ ‘ਚ ਆਏ। ਕਾਫੀ ਹੱਦ ਤਕ ਕੈਪਟਨ ਨੇ ਮਾਮਲਾ ਸਾਂਭਿਆ।
ਕੈਪਟਨ ਤੋਂ ਨਰਾਜ਼ ਧੜਾ ਦੇਹਰਾਦੂਨ ‘ਚ ਹਰੀਸ਼ ਰਾਵਤ ਨੂੰ ਮਿਲਣ ਤੋਂ ਬਾਅਦ ਵੀ ਸ਼ਾਂਤ ਨਹੀਂ ਹੋਇਆ। ਪਤਾ ਲੱਗਾ ਹੈ ਕਿ ਪਿਛਲੇ ਹਫ਼ਤੇ ਇਨ੍ਹਾਂ ਮੰਤਰੀਆਂ ਨਾਲ ਸਲਾਹ ਕਰਕੇ ਕਈ ਵਿਧਾਇਕਾਂ ਨੇ CLP ਦੀ ਮੀਟਿੰਗ ਬੁਲਾਉਣ ਲਈ ਹਾਈਕਮਾਨ ਨੂੰ ਲਿਖਣਾ ਸ਼ੁਰੂ ਕੀਤਾ। ਇਸ ਦਰਮਿਆਨ ਇਕ ਵਿਧਾਇਕ ਸੁਰਜੀਤ ਧੀਮਾਨ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਕਿ ਕਾਂਗਰਸ 2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਲੜਦੀ ਹੈ ਤਾਂ ਉਹ ਚੋਣ ਹੀ ਨਹੀਂ ਲੜਨਗੇ।
ਹਰੀਸ਼ ਰਾਵਤ ਨੇ ਵੀਰਵਾਰ ਨੂੰ ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕੀਤੀ ਅਤੇ ਸੂਤਰਾਂ ਨੇ ਕਿਹਾ ਕਿ ਉਹਨਾਂ ਨੇ ਪਾਰਟੀ ਵਿੱਚ ਚੱਲ ਰਹੇ ਵਿਵਾਦ ਨੂੰ ਹੱਲ ਕਰਨ ਲਈ ਕਿਹਾ ਗਿਆ ਹੈ ਕਿਉਂ ਕਿ ਵਿਧਾਇਕਾਂ ਨੇ ਇੱਕ ਵਾਰ ਫਿਰ ਤੋਂ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ।
