ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਨਾਲ ਫਿਰ ਖੜਕੀ, ਕੈਪਟਨ ਹੋਣਗੇ ਕਾਂਗਰਸ ’ਚੋਂ ਬਾਹਰ?

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਦ ਹੀ ਵੱਡਾ ਧਮਾਕਾ ਕਰ ਸਕਦੇ ਹਨ ਕਿਉਂ ਕਿ ਹਾਈਕਮਾਨ ਨੇ ਉਹਨਾਂ ਨੂੰ ਮਨਾਉਣ ਦੀ ਕੋਈ ਰੁਚੀ ਨਹੀਂ ਵਿਖਾਈ। ਹਾਈਕਮਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਕੈਪਟਨ ਪਾਰਟੀ ਛੱਡਣਾ ਚਾਹੁੰਦੇ ਹਨ ਤਾਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਰਾਜਨੀਤੀ ‘ਚ ਗੁੱਸਾ, ਈਰਖਾ, ਦੁਸ਼ਮਣੀ ਤੇ ਬਦਲੇ ਦੀ ਕੋਈ ਜਗ੍ਹਾ ਨਹੀਂ..ਇਹ ਕਹਿਣਾ ਹੈ ਕਾਂਗਰਸ ਦੀ ਬੁਲਾਰਾ ਸੁਪ੍ਰਿਆ ਸ਼੍ਰੀਨਾਤੇ ਦਾ।

ਦਰਅਸਲ ਬੀਤੇ ਕੱਲ੍ਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹੈ ਸੀ ਕਿ ਉਹਨਾਂ ਨੂੰ ਚਾਹੇ ਕੋਈ ਵੀ ਕੁਰਬਾਨੀ ਦੇਣੀ ਪੈ ਜਾਵੇ ਪਰ ਉਹ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਨਹੀਂ ਬਣਨ ਦੇਣਗੇ ਅਤੇ ਉਹਨਾਂ ਦਾ ਡੱਟ ਕੇ ਵਿਰੋਧ ਕਰਨੇ ਜਿਸ ਤੋਂ ਬਾਅਦ ਸੁਪ੍ਰਿਆ ਸ਼੍ਰੀਨਾਤੇ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਕੈਪਟਨ ਅਮਰਿੰਦਰ ਆਪਣੇ ਸ਼ਬਦਾਂ ‘ਤੇ ਮੁੜ ਵਿਚਾਰ ਕਰਨਗੇ ਕਿਉਂਕਿ ਉਹ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨੇ ਅਤੇ ਪਾਰਟੀ ਨੇ ਉਨ੍ਹਾਂ ਨੂੰ ਸਾਢੇ 9 ਸਾਲ ਮੁੱਖ ਮੰਤਰੀ ਬਣਾਇਆ ਹੈ।
ਉਧਰ ਇਸ ਬਿਆਨ ‘ਤੇ ਜਵਾਬੀ ਹਮਲਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆ ਕਿਹਾ ਕਿ-ਹਾਂ, ਰਾਜਨੀਤੀ ਵਿਚ ਗ਼ੁੱਸੇ ਦੀ ਕੋਈ ਜਗ੍ਹਾ ਨਹੀਂ ਹੈ ਪਰ ਕੀ ਕਾਂਗਰਸ ਵਰਗੀ ਸ਼ਾਨਦਾਰ ਪਾਰਟੀ ਵਿਚ ਨਿਰਾਦਰ ਅਤੇ ਬੇਇੱਜ਼ਤੀ ਦੀ ਜਗ੍ਹਾ ਹੈ? ਜੇਕਰ ਮੇਰੇ ਵਰਗੇ ਸੀਨੀਅਰ ਪਾਰਟੀ ਆਗੂ ਨਾਲ ਅਜਿਹਾ ਵਤੀਰਾ ਕੀਤਾ ਜਾ ਸਕਦਾ ਹੈ, ਤਾਂ ਮੈਨੂੰ ਹੈਰਾਨੀ ਹੈ ਕਿ ਵਰਕਰਾਂ ਨਾਲ ਕੀ ਹੁੰਦਾ ਹੋਵੇਗਾ।
ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਕੱਲ੍ਹ ਦਿਖਾਏ ਬਗਾਵਤੀ ਤੇਵਰਾਂ ਮਗਰੋਂ ਪਾਰਟੀ ਹਾਈਕਮਾਨ ਅਤੇ ਕੈਪਟਨ ਵਿਚਾਲੇ ਸ਼ਬਦੀ ਖ਼ਾਨਾ-ਜੰਗੀ ਹੋਰ ਤੇਜ਼ ਹੁੰਦੀ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਨਵਜੋਤ ਸਿੱਧੂ ਦੀ ਤਰ੍ਹਾਂ ਟਵੀਟ ‘ਤੇ ਟਵੀਟ ਕਰਕੇ ਮੋੜਵੇਂ ਜਵਾਬ ਦੇ ਰਹੇ ਹਨ।
