ਕੇਜਰੀਵਾਲ ਨੇ ਰਗੜੇ ਕਾਂਗਰਸੀ, ਚੰਨੀ ਦੇ ਇੱਕ ਪਾਸੇ ਰੇਤ ਮਾਫ਼ੀਆ ਤੇ ਦੂਜੇ ਪਾਸੇ ਟਰਾਂਸਪੋਰਟ ਮਾਫ਼ੀਆ

ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦੇ ਲੀਡਰਾਂ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਹਨਾਂ ਨੇ ਪੰਜਾਬੀਆਂ ਲਈ ਕਈ ਵੱਡੇ ਐਲਾਨ ਵੀ ਕੀਤੇ। ਕੇਜਰੀਵਾਲ ਨੇ ਪੰਜਾਬ ਦੇ ਦੌਰੇ ਦੇ ਦੂਜੇ ਦਿਨ ਮੰਗਲਵਾਰ ਕਾਂਗਰਸ ਦੀ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੂੰ ਜਮ ਕੇ ਰਗੜੇ ਲਾਏ। ਇਸ ਮੌਕੇ ਉਹਨਾਂ ਮੁੱਖ ਮੰਤਰੀ ਚੰਨੀ ਤੇ ਝੂਠੇ ਐਲਾਨ ਕਰਨ ਦਾ ਇਲਜ਼ਾਮ ਲਾਇਆ।

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਚੰਨੀ ਸਰਕਾਰ ਨੇ ਸਸਤੀ ਬਿਜਲੀ ਦਾ ਐਲਾਨ ਕੀਤਾ ਸੀ, ਪਰ ਕਿਸੇ ਨੂੰ ਵੀ ਮੁਫ਼ਤ ਬਿਜਲੀ ਨਹੀਂ ਮਿਲ ਰਹੀ ਜਦਕਿ ਉਹਨਾਂ ਨੇ ਦਿੱਲੀ ਵਿੱਚ ਬਿਜਲੀ ਮੁਫ਼ਤ ਕੀਤੀ ਹੋਈ ਹੈ। ਉਹਨਾਂ ਕਿਹਾ ਕਿ ਮੈਂ ਖੁਦ ਰਸਤੇ ਵਿੱਚ ਮੁਫ਼ਤ ਬਿਜਲੀ ਵਾਲੇ ਹੋਰਡਿੰਗ ਲੱਗੇ ਵੇਖੇ ਸਨ ਚੰਨੀ ਸਾਬ੍ਹ ਝੂਠ ਬੋਲਣ ਵਿੱਚ ਲੱਗੇ ਹੋਏ ਹਨ। ਕੇਜਰੀਵਾਲ ਨੇ ਕਿਹਾ ਕਿ ਉਹਨਾਂ ਨੇ ਸੁਣਿਆ ਹੈ ਕਿ ਪੰਜਾਬ ਦਾ ਖਜਾਨਾ ਖਾਲੀ ਹੈ।
5 ਸਾਲ ਕਾਂਗਰਸ ਦੀ ਸਰਕਾਰ ਰਹੀ, ਇਸ ਦਾ ਮਤਲਬ ਹੈ ਕਿ ਤੁਸੀਂ ਪੰਜਾਬ ਨੂੰ ਲੁੱਟ ਲਿਆ। 10 ਸਾਲ ਅਕਾਲੀਆਂ ਅਤੇ 5 ਸਾਲ ਕਾਂਗਰਸ ਨੇ ਪੰਜਾਬ ਦਾ ਖਜਾਨਾ ਲੁੱਟਿਆ ਹੈ। ਉਹਨਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ 2022 ਵਿੱਚ ਸਰਕਾਰ ਬਣਨ ਤੇ ਪਹਿਲਾਂ ਇਸ ਘਪਲੇ ਦੀ ਜਾਂਚ ਕਰਵਾਉਣਗੇ ਕਿ ਖਜਾਨਾ ਕਿਸ ਨੇ ਖਾਲੀ ਕੀਤਾ ਹੈ। ਦਿੱਲੀ ਵਿੱਚ ਵੀ ਖਜਾਨਾ ਖਾਲੀ ਸੀ ਪਰ ਕੇਜਰੀਵਾਲ ਨੂੰ ਖਜਾਨਾ ਭਰਨਾ ਵੀ ਆਉਂਦਾ ਹੈ।
ਕੇਜਰੀਵਾਲ ਨੇ ਚੰਨੀ ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ, ਚੰਨੀ ਕਹਿੰਦੇ ਹਨ ਕਿ ਮੈਂ ਆਮ ਆਦਮੀ ਹਾਂ, ਮੈਂ ਉਹਨਾਂ ਨਾਲ ਸਹਿਮਤ ਹਾਂ, ਸੱਚਮੁੱਚ ਮੈਨੂੰ ਗੁੱਲੀ-ਡੰਡਾ ਖੇਡਣਾ ਨਹੀਂ ਆਉਂਦਾ, ਮੈਨੂੰ ਗਾਂ ਦਾ ਦੁੱਧ ਵੀ ਨਹੀਂ ਕੱਢਣਾ ਆਉਂਦਾ, ਪਰ ਮੈਨੂੰ ਸਕੂਲ ਬਣਾਉਣੇ ਆਉਂਦੇ ਹਨ। ਉਹਨਾਂ ਕਿਹਾ ਕਿ, ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਅਤੇ ਆਸ-ਪਾਸਸ ਦੇ ਸ਼ਹਿਰਾਂ ਵਿੱਚ ਧਰਨੇ ਤੇ ਬੈਠੇ ਅਧਿਆਪਕਾਂ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ।
ਪੰਜਾਬ ਵਿੱਚ ਚੰਨੀ ਸਰਕਾਰ ਤੋਂ ਦੁਖੀ ਕੱਚੇ ਮੁਲਾਜ਼ਮ ਅਤੇ ਅਧਿਆਪਕ ਧਰਨੇ ਲਾ ਰਹੇ ਹਨ ਅਤੇ ਟੈਂਕੀਆਂ ਤੇ ਚੜ੍ਹ ਰਹੇ ਹਨ। ਉਹਨਾਂ ਕਿਹਾ ਕਿ ਚੰਨੀ ਸਰਕਾਰ ਤੋਂ ਸਿਰਫ਼ ਦੋ ਹੀ ਮੰਗਾਂ ਮੰਗਦੇ ਹਨ ਕਿ ਅਧਿਆਪਕਾਂ ਦੀਆਂ ਖਾਲੀ ਆਸਾਮੀਆਂ ਭਰੀਆਂ ਜਾਣ ਅਤੇ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ।
