ਕੇਜਰੀਵਾਲ ਨੇ ਗੋਆ ’ਚ ਵੀ ਕਰਤਾ ਐਲਾਨ, ਸਰਕਾਰ ਆਉਣ ’ਤੇ ਮੁਫ਼ਤ ਮਿਲੇਗੀ ਬਿਜਲੀ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਐਮਓ ਅਰਵਿੰਦ ਕੇਜਰੀਵਾਲ ਪੰਜਾਬ ਅਤੇ ਉੱਤਰਾਖੰਡ ਵਿੱਚ ਚੁਣਾਵੀ ਬਿਗੁਲ ਵਜਾਉਣ ਤੋਂ ਬਾਅਦ ਦੋ ਦਿਨ ਦੇ ਦੌਰੇ ਤੇ ਗੋਆ ਪਹੁੰਚੇ ਹਨ। ਅਗਲੇ ਸਾਲ ਗੋਆ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਅਰਵਿੰਦ ਕੇਜਰੀਵਾਲ ਨੇ ਗੋਆ ਨੂੰ ਵੀ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ। ਅਗਲੇ ਸਾਲ ਦੇਸ਼ ਦੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਇਸ ਤੋਂ ਪਹਿਲਾਂ ਮੁਫ਼ਤ ਬਿਜਲੀ ਤੇ ਰਾਜਨੀਤੀ ਜਾਰੀ ਹੈ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਪੰਜਾਬ ਵਿੱਚ ਵੀ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ। ਪੰਜਾਬ ਵਿੱਚ ਬਿਜਲੀ ਕਟੌਤੀ ਵੱਡਾ ਮੁੱਦਾ ਬਣਿਆ ਹੋਇਆ ਹੈ। ਕੇਜਰੀਵਾਲ ਨੇ ਪੰਜਾਬ ਵਿੱਚ ਤਿੰਨ ਵਾਅਦੇ ਕੀਤੇ ਹਨ। ਇਹਨਾਂ ਵਿੱਚ ਪੰਜਾਬ ਦੇ ਹਰ ਘਰ ਨੂੰ 300 ਯੂਨਿਟ ਮੁਫ਼ਤ ਬਿਜਲੀ, ਘਰੇਲੂ ਬਕਾਇਆ ਬਿਲ ਮੁਆਫ਼ ਕੀਤੇ ਜਾਣਗੇ, 24 ਘੰਟੇ ਬਿਜਲੀ ਦੇਣਾ ਸ਼ਾਮਲ ਹੈ।
ਆਪਣੇ ਗੋਆ ਦੌਰੇ ਤੋਂ ਇਕ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਗੋਆ ਤਬਦੀਲੀ ਚਾਹੁੰਦਾ ਹੈ। ਵਿਧਾਇਕਾਂ ਦੇ ਖਰੀਦੋ-ਫਰੋਖ਼ਤ ਕਰਨ ਵਾਲੀਆਂ ਕਾਫ਼ੀ ਪਾਰਟੀਆਂ ਹਨ। ਰਾਜਨੀਤੀ ਬਹੁਤ ਗੰਦੀ ਹੋ ਗਈ ਹੈ। ਗੋਆ ਵਿਕਾਸ ਚਾਹੁੰਦਾ ਹੈ। ਫੰਡਾਂ ਦੀ ਕੋਈ ਘਾਟ ਨਹੀਂ, ਸਿਰਫ਼ ਇਮਾਨਦਾਰ ਨੀਅਤ ਦੀ ਘਾਟ ਹੈ।
ਗੋਆ ਇਮਾਨਦਾਰ ਰਾਜਨੀਤੀ ਚਾਹੁੰਦਾ ਹੈ। ਉੱਥੇ ਹੀ ਉਤਰਾਖੰਡ ਦੇ ਬਿਜਲੀ ਮੰਤਰੀ ਹਰਕ ਸਿੰਘ ਰਾਵਤ ਨੇ ਵੀ ਐਲਾਨ ਕੀਤਾ ਸੀ ਕਿ ਸਰਕਾਰ ਵਿਚਾਰ ਕਰ ਰਹੀ ਹੈ ਕਿ ਉਤਰਾਖੰਡ ਵਿੱਚ ਲੋਕਾਂ ਨੂੰ 100 ਯੂਨਿਟ ਤੱਕ ਮੁਫ਼ਤ ਬਿਜਲੀ ਅਤੇ 100 ਤੋਂ 200 ਯੂਨਿਟ ਤੱਕ ਖਰਚ ਕਰਨ ਵਾਲੇ ਪਰਿਵਾਰਾਂ ਨੂੰ 50 ਫ਼ੀਸਦੀ ਦੀ ਛੋਟ ਤੇ ਬਿਜਲੀ ਮੁਹੱਈਆ ਕਰਵਾਈ ਜਾਵੇਗੀ।
