ਕੇਜਰੀਵਾਲ ਨੂੰ ਮਿਲੇ ਭਾਜਪਾ ਲੀਡਰ ਲਕਸ਼ਮੀ ਕਾਂਤਾ ਚਾਵਲਾ, ਹੋਣਗੇ ਆਪ ’ਚ ਸ਼ਾਮਲ?

ਬੀਤੇ ਦਿਨੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕੇ ਆਮ ਆਦਮੀ ਪਾਰਟੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਵਿਰੋਧੀ ਧਿਰਾਂ ਭਾਵੇਂ ਮੰਨਣ ਜਾਂ ਨਹੀਂ ਕੁੰਵਰ ਵਿਜੇ ਪ੍ਰਤਾਪ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਵੱਡਾ ਫਾਇਦਾ ਆਪ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਿਲਣ ਵਾਲਾ ਹੈ। ਕੇਜਰੀਵਾਲ ਨੇ ਗੁਰੂ ਨਗਰੀ ਅੰਮ੍ਰਿਤਸਰ ਪਹੁੰਚ ਕੁੰਵਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕੀਤਾ ਹੈ।

ਪਰ ਹੁਣ ਇੰਝ ਲੱਗ ਰਿਹਾ ਹੈ ਕਿ ਕੇਜਰੀਵਾਲ ਇੱਕ ਵਾਰ ਫਿਰ ਤੋਂ ਵੱਡਾ ਧਮਾਕਾ ਕਰਨ ਦੇ ਮੂਡ ਵਿੱਚ ਹਨ ਅਤੇ ਆਉਂਦੀਆ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿਰੋਧੀਆਂ ਨੂੰ ਮੁੜ ਤੋਂ ਭਾਜੜਾਂ ਪਾ ਸਕਦੀ ਹੈ। ਅਸਲ ’ਚ ਕੱਲ੍ਹ ਅੰਮ੍ਰਿਤਸਰ ਪਹੁੰਚੇ ਕੇਜਰੀਵਾਲ ਨੇ ਭਾਜਪਾ ਦੀ ਸੀਨੀਅਰ ਲੀਡਰ ਲਕਸ਼ਮੀ ਕਾਂਤਾ ਚਾਵਲਾ ਨਾਲ ਵੀ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਸੰਗਤਾਂ ਵਿਚਕਾਰ ਭੀੜ ਭੜੱਕੇ ਦੌਰਾਨ ਹੋਈ ਅਤੇ ਕੇਜਰੀਵਾਲ ਨੇ ਲਕਸ਼ਮੀ ਕਾਂਤਾ ਚਾਵਾਲਾ ਦੇ ਪੈਰੀਂ ਹੱਥ ਵੀ ਲਾਏ।
ਦੱਸ ਦਈਏ ਕਿ ਆਪ ਸੁਪਰੀਮੋ ਕੇਜਰੀਵਾਲ ਦੇ ਪੰਜਾਬ ਆਉਣ ਤੋਂ ਪਹਿਲਾਂ ਇਹ ਖਬਰਾਂ ਆ ਰਹੀਆਂ ਸਨ ਕਿ ਭਾਜਪਾ ਦੇ ਦੋ ਸੀਨੀਅਰ ਲੀਡਰ ਅਨਿਲ ਜੋਸ਼ੀ ਅਤੇ ਲਕਸ਼ਮੀ ਕਾਂਤਾ ਚਾਵਲਾ ਵੀ, ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਆਪ ਆਦਮੀ ਪਾਰਟੀ ਦਾ ਝਾੜੂ ਚੁੱਕ ਸਕਦੇ ਹਨ।
ਕੇਜਰੀਵਾਲ ਦੇ ਆਉਣ ਤੋਂ ਬਾਅਦ ਸਿਰਫ ਕੁੰਵਰ ਵਿਜੇ ਪ੍ਰਤਾਪ ਸਿੰਘ ਨੁੰ ਹੀ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ ਜਦਕਿ ਦੂਜੇ ਦੋ ਲੀਡਰ ਕਿਧਰੇ ਵੀ ਨਜ਼ਰ ਨਾ ਆਏ। ਪਰ ਲਕਸ਼ਮੀ ਕਾਂਤਾ ਚਾਵਲਾ ਦੀ ਕੇਜਰੀਵਾਲ ਨਾਲ ਇਹ ਛੋਟੀ ਜਿਹੀ ਮੀਟਿੰਗ ਨੇ ਮੁੜ ਤੋਂ ਚਰਚਾਵਾਂ ਦਾ ਮਾਹੌਲ ਭਖਾ ਦਿੱਤਾ ਹੈ। ਹੋ ਸਕਦਾ ਹੈ ਕਿ ਵੋਟਾਂ ਤੋਂ ਪਹਿਲਾਂ ਜਾਂ ਫਿਰ ਆਉਂਦੇ ਕੁੱਝ ਦਿਨਾਂ ਅੰਦਰ ਇਹ ਲੀਡਰ ਪਾਰਟੀ ਵਿੱਚ ਸ਼ਾਮਿਲ ਕੀਤੇ ਜਾਣ।
