ਕੇਜਰੀਵਾਲ ਦੇ ਮੁਫ਼ਤ ਬਿਜਲੀ ਦੇ ਐਲਾਨ ਦਾ ਅਕਾਲੀ ਦਲ ਨੂੰ ਲੱਗਿਆ ਕਰੰਟ

ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪਾਵਰ ਪਲਾਨ ਨੇ ਪੰਜਾਬ ਦੀ ਸਿਆਸਤ ਨੂੰ 440 ਵੋਲਟ ਦਾ ਕਰੰਟ ਲਾ ਦਿੱਤਾ ਹੈ। ਵਿਰੋਧੀ ਧਿਰਾਂ ਕੱਲ੍ਹ ਦੁਪਹਿਰ ਤੋਂ ਹੀ ਕੇਜਰੀਵਾਲ ਦੇ ਪਿੱਛੇ ਪੈ ਗਈਆਂ ਹਨ ਅਤੇ ਕੇਜਰੀਵਾਲ ਦੀ ਮੁਫ਼ਤ ਬਿਜਲੀ ਯੋਜਨਾਂ ਨੂੰ ਫਲਾਪ ਕਰਾਰ ਦੇ ਰਹੀਆਂ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ, ‘ਨਾ ਤਾਂ ਕੇਜਰੀਵਾਲ ਪੰਜਾਬ ਅਜਿਹਾ ਐਲਾਨ ਕਰਨ ਲਈ ਕੋਈ ਅਥਾਰਟੀ ਹੈ ਅਤੇ ਨਾ ਹੀ ਕੇਜਰੀਵਾਲ ਪੰਜਾਬ ਦਾ ਕੁੱਝ ਲੱਗਦਾ ਹੈ।’

ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਕਿਹਾ ਕਿ, ‘ਜੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਵੀ ਹੈ ਤਾਂ ਇਸ ਦੀ ਗਰੰਟੀ ਕੌਣ ਲੈਂਦਾ ਹੈ ਕਿ ਉਹ ਕੇਜਰੀਵਾਲ ਦੇ ਵਾਅਦਿਆਂ ਨੂੰ ਪੂਰਾ ਕਰੇਗਾ। ਸੁਖਬੀਰ ਬਾਦਲ ਨੇ ਇਲਜ਼ਾਮ ਲਾਇਆ ਕਿ ਕੇਜਰੀਵਾਲ ਆਪਣੇ ਸੂਬੇ ਦਿੱਲੀ ਵਿੱਚ ਕਿਸਾਨਾਂ ਤੋਂ ਬਿਜਲੀ ਦੇ ਬਿੱਲ ਵਸੂਲ ਰਿਹਾ ਹੈ ਜਦਕਿ ਪੰਜਾਬ ਦੇ ਕਿਸਾਨਾਂ ਨੂੰ ਮੁਫਤ ਬਿਜਲੀ ਵੰਡਣ ਦੇ ਝੂਠੇ ਦਾਅਵੇ ਕਰ ਰਿਹਾ ਹੈ।
ਸੁਖਬੀਰ ਸਿੰਘ ਬਾਦਲ ਨੇ ਇਸ ਦੌਰਾਨ ਕੇਜਰੀਵਾਲ ਨੂੰ ਇੱਕ ਵਾਰ ਫਿਰ ਤੋਂ ਫਰਾਡ ਕਹਿ ਕੇ ਸੰਬੋਧਨ ਕੀਤਾ ਹੈ। ਸੁਖਬੀਰ ਬਾਦਲ ਨੇ ਇਲਜ਼ਾਮ ਲਾਇਆ ਕਿ ਦਿੱਲੀ ਵਿੱਚ ਬਿਜਲੀ ਦੇ ਰੇਟ ਪੰਜਾਬ ਤੋਂ ਕਿਤੇ ਮਹਿੰਗੇ ਹਨ ਜਦਕਿ ਕੇਜਰੀਵਾਲ ਹਰ ਸਮੇਂ ਬਿਜਲੀ ਸਸਤੀ ਦਾ ਰਾਗ ਅਲਾਪ ਰਿਹਾ ਹੈ। ਇਸ ਦੌਰਾਨ ਸੁਖਬੀਰ ਬਾਦਲ ਦੇ ਨਿਸ਼ਾਨੇ ਤੇ ਨਵਜੋਤ ਸਿੰਘ ਸਿੱਧੂ ਵੀ ਰਹੇ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਇੱਕ ਰਾਹ ਭਟਕੀ ਹੋਈ ਮਿਸਾਇਲ ਵਾਂਗੂ ਹਨ ਜਿਨ੍ਹਾਂ ਦਾ ਇਹ ਵੀ ਨਹੀਂ ਪਤਾ ਕਿ ਕਦੋਂ ਕਿਥੇ ਕਿਸ ਉਪਰ ਆ ਡਿੱਗਣ। ਉਨ੍ਹਾਂ ਕਿਹਾ ਕਿ ਜਿਹੜੇ ਦੋ ਚਾਰ ਡਾਇਲਾਗ ਸਿੱਧੂ ਨੇ ਰਟੇ ਹੋਏ ਹਨ। ਉਹੀ ਡਾਇਲਾਗ ਸਿੱਧੂ ਸੋਨੀਆ ਗਾਂਧੀ ਮੋਦੀ ਕੈਪਟਨ ਸਭ ਲਈ ਵਰਤਦਾ ਰਹਿੰਦੇ।
