ਕੇਜਰੀਵਾਲ ਦੇ ਪੰਜਾਬ ਪਹੁੰਚਣ ਤੋਂ ਪਹਿਲਾਂ ਹੀ ਲੱਗੇ ‘ਕੇਜਰੀਵਾਲ ਗੋ ਬੈਕ’ ਦੇ ਬੋਰਡ

ਬੀਤੇ ਦਿਨ ਜਿਥੇ ਆਮ ਆਦਮੀ ਪਾਰਟੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਟਵੀਟ ਦੇ ਬਾਅਦ ਚਰਚਾ ਵਿਚ ਰਹੀ, ਉਥੇ ਸਿਆਸੀ ਗਲਿਆਰਿਆਂ ਵਿਚ ਗਹਿਮਾ ਗਹਿਮੀ ਤੇਜ਼ ਹੋ ਗਈ। ਦੇਰ ਰਾਤ ਪੰਜਾਬ ਯੂਥ ਕਾਂਗਰਸ ਦੇ ਆਗੂ ਮਿੱਠੂ ਮਦਾਨ ਵੱਲੋਂ ਸ਼ਹਿਰ ਵਿਚ ‘ਕੇਜਰੀਵਾਲ ਗੋ ਬੈਕ’ ਦੇ ਹੋਰਡਿੰਗ ਲਗਾਏ ਗਏ ਅਤੇ ਉਨ੍ਹਾਂ ਬੋਰਡਾਂ ’ਤੇ ਲਿਖਿਆ ਕਿ ‘ਪਹਿਲਾਂ ਦਿੱਲੀ ਸੁਧਾਰੋ, ਫਿਰ ਪੰਜਾਬ ਵਿਚ ਆਓ ’ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਮਿੱਠੂ ਮਦਾਨ ਨੇ ਇਲਜ਼ਾਮ ਲਾਇਆ ਕੇਜਰੀਵਾਲ ਦੀ ਇਹ ਫੇਰੀ ਸਿਰਫ ਰਾਜਨੀਤਿਕ ਸਟੰਟ ਹੈ।

ਉਹਨਾਂ ਕਿਹਾ ਕਿ ਜੇ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਆਉਂਦੇ ਨੇ ਤਾਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਅਤੇ ਵਾਪਸ ਦਿੱਲੀ ਚਲੇ ਜਾਣ। ਇਸ ਦੇ ਨਾਲ ਹੀ ਉਹਨਾਂ ਇਲਜ਼ਾਮ ਲਾਇਆ ਕਿ ਕੇਜਰੀਵਾਲ ਆਪਣੇ ਸ਼ਾਸਨ ਦੌਰਾਨ ਦਿੱਲੀ ਨੂੰ ਸੁਧਾਰ ਨਹੀਂ ਸਕੇ। ਦਿੱਲੀ ਵਿਚ ਸਿਹਤ ਸੇਵਾਵਾਂ ਕੋਰੋਨਾ ਦੌਰਾਨ ਮਾੜੀਆਂ ਤੋਂ ਮਾੜੀਆਂ ਹੁੰਦੀਆਂ ਗਈਆਂ। ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਇਸ ਸਾਲ ‘ਚ ਦੂਜੀ ਵਾਰ ਅੱਜ ਪੰਜਾਬ ਆ ਰਹੇ ਹਨ।
ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਆਮ ਆਦਮੀ ਪਾਰਟੀ ‘ਤੇ ਸਵਾਲ ਉਠਾਏ ਜਾ ਰਹੇ ਨੇ,,ਅਤੇ ਅੰਮ੍ਰਿਤਸਰ ਸ਼ਹਿਰ ਵਿਚ ਇਸ ਸਮੇਂ ਵਿਧਾਨ ਸਭਾ 2022 ਨੂੰ ਲੈ ਕੇ ਰਾਜਨੀਤੀ ਪੂਰੀ ਤਰ੍ਹਾਂ ਨਾਲ ਗਰਮਾਈ ਹੋਈ ਹੈ, ਉਥੇ ਹੀ ਸਿਆਸੀ ਆਗੂ ਇਕ ਦੂਸਰੇ ਨੂੰ ਨੀਵਾਂ ਦਿਖਾਉਣ ਵਿਚ ਲੱਗੇ ਹੋਏ ਹਨ। ਅਜਿਹੇ ‘ਚ ਮਿੱਠੂ ਮਦਾਨ ਵੱਲੋਂ ਲਗਾਏ ਗਏ ਬੋਰਡਾਂ ਨੂੰ ਲੈ ਕੇ ਵੀ ਲੋਕਾਂ ਵੱਲੋਂ ਕਈ ਸਵਾਲ ਚੁੱਕੇ ਜਾ ਰਹੇ ਹਨ।
