ਕੇਜਰੀਵਾਲ ਕੱਲ੍ਹ ਆਉਣਗੇ ਪੰਜਾਬ, ਕੁੰਵਰ ਵਿਜੇ ਪ੍ਰਤਾਪ ਹੋ ਸਕਦੇ ਨੇ ਪਾਰਟੀ ’ਚ ਸ਼ਾਮਲ!

ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਧਮਾਕਾ ਦੇਖਣ ਨੂੰ ਮਿਲ ਸਕਦਾ ਹੈ। ਇਸ ਵਾਰ ਇਹ ਉਲਟ ਫੇਰ ਆਮ ਆਦਮੀ ਪਾਰਟੀ ਵਿੱਚ ਹੋਣ ਦੇ ਆਸਾਰ ਬਣੇ ਹੋਏ ਹਨ। ਬੇਅਦਬੀ ਮਾਮਲਿਆਂ ਦੀ ਜਾਂਚ ਕਰਨ ਵਾਲੇ ਕੁੰਵਰ ਵਿਜੇ ਪ੍ਰਤਾਪ ਸਿੰਘ ਜਲਦ ਹੀ ਆਮ ਅਦਾਮੀ ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਹਨ। ਸੂਤਰਾਂ ਮੁਤਾਬਕ ਕੱਲ੍ਹ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੇ ਅੰਮ੍ਰਿਤਸਰ ਦੌਰੇ ਦੌਰਾਨ ਇਹ ਐਲਾਨ ਹੋ ਸਕਦਾ ਹੈ, ਇਸ ਸਬੰਧੀ ਕੇਜਰੀਵਾਲ ਨੇ ਇੱਕ ਟਵੀਟ ਵੀ ਕੀਤਾ ਹੈ।

ਦੱਸ ਦਈਏ ਕਿ ਬੇਅਦਬੀ ਮਾਮਲਿਆਂ ਦੀ ਰਿਪੋਰਟ ਹਾਈਕੋਰਟ ਵਿੱਚ ਖਾਰਿਜ਼ ਹੋਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਅੰਮ੍ਰਿਤਸਰ ਵਿੱਚ ਗੋਲਡ ਮੈਡਲ ਨਾਲ ਸਨਮਾਨਿਤ ਹੋਣ ਮੌਕੇ ਉਨ੍ਹਾਂ ਅਸਿੱਧੇ ਤੌਰ ’ਤੇ ਪੰਜਾਬ ਦੀ ਸਿਆਸਤ ਵਿੱਚ ਐਂਟਰੀ ਕਰਨ ਦੀ ਗੱਲ ਆਖੀ ਸੀ ਜਿਸ ਤੋਂ ਬਾਅਦ ਹੁਣ ਖਬਰਾਂ ਆ ਰਹੀਆਂ ਹਨ ਕਿ ਕੁੰਵਰ ਕੱਲ੍ਹ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਹਨ।

ਦੂਜੇ ਪਾਸੇ ਇਸ ਵਾਰ ਪੰਜਾਬ ਵਿੱਚ ਚੋਣਾਂ ਦੀ ਬਾਜ਼ੀ ਕੌਣ ਮਾਰੇਗਾ। ਇਸ ਤੇ ਕੁੱਝ ਵੀ ਕਹਿਣਾ ਹਾਲੇ ਸੰਭਵ ਨਹੀਂ ਹੈ। ਕਾਂਗਰਸ ਦਾ ਆਮ ਜਨਤਾ ਵੱਲੋਂ ਵਾਅਦੇ ਨਾ ਪੂਰੇ ਹੋਣ ਦਾ ਦੋਸ਼ ਲਾ ਕੇ ਵਿਰੋਧ ਕੀਤਾ ਜਾ ਰਿਹਾ ਹੈ। ਅਕਾਲੀ ਦਲ ਨੂੰ ਪਿਛਲੇ ਕਰੀਬ 5 ਸਾਲਾਂ ਤੋਂ ਬੇਅਦਬੀਆਂ ਦਾ ਸੰਤਾਪ ਹੰਢਾਉਣਾ ਪੈ ਰਿਹਾ ਹੈ। ਹਾਲਾਂਕਿ ਅਕਾਲੀ ਦਲ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਆਪਣੀਆਂ ਭੁੱਲਾਂ ਦੀ ਮੁਆਫ਼ੀ ਮੰਗ ਚੁੱਕਿਆ ਹੈ।
ਪਰ ਇਸ ਦੇ ਬਾਵਜੂਦ ਵੀ ਬੇਅਦਬੀਆਂ ਅਤੇ ਕਰੀਬ 6 ਮਹੀਨੇ ਪਹਿਲਾਂ ਤੱਕ ਖੇਤੀ ਕਾਨੂੰਨਾਂ ਦਾ ਸਮਰਥਨ ਕਰਨ ਕਾਰਨ ਅਕਾਲੀ ਦਲ ਵੀ ਇਸ ਵਾਰ ਮੁਸ਼ਿਕਲਾਂ ਵਿੱਚ ਜਾਪ ਰਿਹਾ ਹੈ। ਖੇਤੀ ਬਿੱਲਾਂ ਕਾਰਨ ਹੀ ਭਾਜਪਾ ਦਾ ਪੱਤਾ ਵੀ ਪੰਜਾਬ ਵਿੱਚੋਂ ਲਗਭਗ ਸਾਫ਼ ਹੀ ਮੰਨਿਆ ਜਾ ਰਿਹਾ ਹੈ। ਅਜਿਹੇ ਵਿੱਚ ਬਹੁਤੇ ਲੋਕ ਆਮ ਆਦਮੀ ਪਾਰਟੀ ਵੱਲ ਆਪਣਾ ਝੁਕਾਅ ਦਿਖਾ ਰਹੇ ਹਨ। ਪਰ ਅੰਤ ਵਿੱਚ ਜਿੱਤ ਕਿਸ ਦੀ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
