ਕੇਐਮਪੀ ਐਕਸਪ੍ਰੈਸਵੇਅ ’ਤੇ ਅੱਜ ਹੋਵੇਗਾ 24 ਘੰਟੇ ਦਾ ਜਾਮ, ‘ਲੱਖਾ ਸਿਧਾਣਾ’ ਵੀ ਰਹੇਗਾ ਮੌਜੂਦ

ਮਸਤੂਆਣਾ ਤੋਂ ਚੱਲੇ ਲੱਖਾ ਸਿਧਾਣਾ ਦਾ ਵੱਡਾ ਕਾਫਲਾ ਅੱਜ ਦਿੱਲੀ ਪਹੁੰਚ ਗਿਆ ਹੈ। ਕਿਸਾਨਾਂ ਨੇ ਅੱਜ ਕੁੰਡਲੀ-ਮਾਨੇਸਰ-ਪਲਵਲ (ਕੇਐਮਪੀ) ਐਕਸਪ੍ਰੈਸ-ਵੇਅ ਨੂੰ 24 ਘੰਟਿਆਂ ਲਈ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਜਾਮ ਵਿੱਚ ਲੱਖਾ ਸਿਧਾਣਾ ਵੀ ਮੌਜੂਦ ਰਹਿਣਗੇ।

ਬੀਤੀ 26 ਜਨਵਰੀ ਨੂੰ ਲਾਲ ਕਿਲ੍ਹੇ ਦੀ ਹਿੰਸਾ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਨਾਮਜ਼ਦ ਲੱਖਾ ਸਿਧਾਣਾ ਦੀ ਜਾਣਕਾਰੀ ਦੱਸਣ ਵਾਲੇ ਨੂੰ ਇਨਾਮ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਕਿਸਾਨ ਜੱਥੇਬੰਦੀਆਂ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਲੱਖਾ ਸਿਧਾਣਾ ਨੂੰ ਕਿਸੇ ਵੀ ਹਾਲਤ ਵਿੱਚ ਗ੍ਰਿਫ਼ਤਾਰ ਨਹੀਂ ਹੋਣ ਦਿੱਤਾ ਜਾਵੇਗਾ।
ਅੱਜ ਦੇ ਇਸ ਐਕਸ਼ਨ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਨੇ ਵੱਡੀ ਗਿਣਤੀ ਵਿੱਚ ਫੋਰਸ ਤਾਇਨਾਤ ਕੀਤੀ ਹੋਈ ਹੈ। ਪੁਲਿਸ ਦੀਆਂ 20 ਕੰਪਨੀਆਂ ਛੇ ਡੀਐਸਪੀ ਅਤੇ 17 ਇੰਸਪੈਕਟਰਾਂ ਦੀ ਅਗਵਾਈ ਹੇਠ ਕੰਮ ਕਰਨਗੀਆਂ। ਇਹ ਜਾਮ ਅੱਜ ਸਵੇਰੇ 8 ਵਜੇ ਤੋਂ ਹੀ ਸ਼ੁਰੂ ਹੋ ਗਿਆ ਹੈ।
ਲੱਖਾ ਸਿਧਾਣਾ ਬੀਤੇ ਦਿਨ ਪੰਜਾਬ ਤੋਂ ਦਿੱਲੀ ਲਈ ਵੱਡੇ ਕਾਫਿਲੇ ਵਿੱਚ ਤੁਰਿਆ ਸੀ। ਉਸ ਨੇ ਕਿਹਾ ਸੀ ਕਿ ਸਰਕਾਰ ਤਾਨਾਸ਼ਾਹ ਰਵੱਈਆ ਅਪਨਾ ਰਹੀ ਹੈ ਅਤੇ ਉਸ ਦੇ ਭਰਾ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ, ਪਰ ਉਹ ਗ੍ਰਿਫਤਾਰੀ ਤੋਂ ਨਹੀਂ ਡਰਦਾ।
ਅਜਿਹੇ ਵਿੱਚ ਦੇਖਣਾ ਬਣਦਾ ਹੈ ਕਿ ਕੀ ਪੁਲਿਸ ਲੱਖੇ ਨੂੰ ਗ੍ਰਿਫ਼ਤਾਰ ਕਰਦੀ ਹੈ ਜਾਂ ਕਿਸਾਨਾਂ ਦੇ ਇਕੱਠ ਕਾਰਨ ਅਜਿਹਾ ਨਾਜ਼ੁਕ ਕਦਮ ਚੁੱਕਣ ਤੋਂ ਗੁਰੇਜ਼ ਕਰੇਗੀ। ਜਾਮ ਨੂੰ ਲੈ ਕੇ ਲੱਖਾ ਸਿਧਾਣਾ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 10 ਅਪ੍ਰੈਲ ਨੂੰ ਕੇਐਮਪੀ ਰੋਡ ਬੰਦ ਕਰਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਸੀ। ਇਸ ਦੌਰਾਨ ਉਹਨਾਂ ਕਿਹਾ ਕਿ, “ਨਾ ਸਿਰਫ ਕਿਸਾਨ, ਬਲਕਿ ਹਰ ਵਰਗ ਦੇ ਲੋਕ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ।”
