ਕੇਂਦਰ ਸਰਕਾਰ ਨੇ 30 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਨੂੰ ਬੈਠਕ ਲਈ ਭੇਜਿਆ ਸੱਦਾ

ਸਰਕਾਰ ਨੇ 30 ਦਸੰਬਰ ਨੂੰ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ ਹੈ। ਬੈਠਕ ਦਾ ਸਮਾਂ ਦੁਪਹਿਰ 2 ਵਜੇ ਤੈਅ ਕੀਤਾ ਗਿਆ ਹੈ। ਮੀਟਿੰਗ ਵਿਗਿਆਨ ਭਵਨ, ਦਿੱਲੀ ਵਿੱਚ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਅੰਦੋਲਨਕਾਰੀ ਕਿਸਾਨ ਸੰਗਠਨਾਂ ਨੇ 29 ਦਸੰਬਰ ਨੂੰ ਸਰਕਾਰ ਨਾਲ ਗੱਲਬਾਤ ਕਰਨ ਲਈ ਪ੍ਰਸਤਾਵ ਦਿੱਤਾ ਸੀ।

ਹੁਣ ਸਰਕਾਰ ਨੇ ਕਿਸਾਨਾਂ ਨੂੰ 30 ਦਸੰਬਰ ਨੂੰ ਮੀਟਿੰਗ ਲਈ ਬੁਲਾਇਆ ਹੈ। ਕੇਂਦਰ ਸਰਕਾਰ ਨੇ 40 ਜਥੇਬੰਦੀਆਂ ਨੂੰ ਸੱਦਾ ਭੇਜਿਆ ਹੈ। ਦੱਸਣਯੋਗ ਹੈ ਕਿ ਕਿਸਾਨ ਆਗੂ ਸਿਰਫ ਕਾਨੂੰਨ ਰੱਦ ਕਰਨ ਦੇ ਮੁੱਦੇ ਉਤੇ ਹੀ ਗੱਲ਼ਬਾਤ ਕਰਨ ਲਈ ਆਖ ਰਹੇ ਹਨ। ਕੇਂਦਰ ਵੱਲੋਂ ਭੇਜੇ ਤਾਜ਼ਾ ਸੱਦੇ ਸਬੰਧੀ ਕਿਸਾਨ ਆਗੂ ਮੀਟਿੰਗ ਵਿਚ ਫੈਸਲਾ ਲੈ ਸਕਦੇ ਹਨ।
ਦਸ ਦਈਏ ਕਿ ਖੇਤੀਬਾੜੀ ਦੇ ਕਾਲੇ ਕਾਨੂੰਨਾਂ ਨੂੰ ਲੈ ਕੇ ਭਾਰਤ ਦੇ ਲੋਕ ਸੜਕਾਂ ਤੇ ਬੈਠੇ ਹੋਏ ਹਨ। ਲੋਕਾਂ ਵੱਲੋਂ ਕਾਰਪੋਰੇਟ ਘਰਾਣਿਆਂ ਦਾ ਵੀ ਬਾਈਕਾਟ ਕੀਤਾ ਜਾ ਰਿਹਾ ਹੈ। ਦੇਸ਼ਭਰ ਵਿੱਚ ਕਿਸਾਨਾਂ ਨੂੰ ਸਮਰਥਨ ਦੇਣ ਲਈ ਲੋਕ ਅੱਗੇ ਆ ਰਹੇ ਹਨ। ਪੰਜਾਬ ਵਿੱਚ ਕਾਰਪੋਰੇਟਾਂ ਨੂੰ ਨੁਕਸਾਨ ਪਹੁੰਚਾਉਣ ਲਈ ਕਿਤੇ ਟੋਲ ਪਲਾਜ਼ੇ ਫ੍ਰੀ ਕੀਤੇ ਜਾ ਰਹੇ ਹਨ, ਕਿਤੇ ਜੀਓ ਟਾਵਰਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਤੇ ਕਿਤੇ ਕਾਰਪੋਰੇਟ ਘਰਾਣਿਆਂ ਦੇ ਉਤਪਾਦਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ।
ਹੁਣ ਉਹਨਾਂ ਦੇ ਗੁਦਾਮ ਵੀ ਕਿਸਾਨਾਂ ਵੱਲੋਂ ਜ਼ਬਰਦਸਤੀ ਬੰਦ ਕੀਤੇ ਜਾ ਰਹੇ ਹਨ। ਅੱਜ ਅੰਮ੍ਰਿਤਸਰ ਦੇ ਨੇੜਲੇ ਪਿੰਡ ਚਾਟੀਵੰਡ ਵਿਖੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਇੱਕ ਨਿਜੀ ਕੰਪਨੀ ਦੇ ਗੁਦਾਮ ਦਾ ਘਿਰਾਓ ਕੀਤਾ ਗਿਆ। ਉਹਨਾਂ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਇੱਥੇ ਅਡਾਨੀ ਗਰੁੱਪ ਦਾ ਫਾਰਚਿਊਨ ਰਿਫਾਇੰਡ ਤੇਲ ਡੰਪ ਕੀਤਾ ਗਿਆ ਹੈ। ਕਿਸਾਨ ਫੈਕਟਰੀ ਦੇ ਅੰਦਰ ਦਾਖਲ ਹੋ ਗਏ ਤੇ ਉੱਥੇ ਭਾਰੀ ਮਾਤਰਾ ਵਿੱਚ ਪਏ ਰਿਫਾਇੰਡ ਫਾਰਚਿਊਨ ਦੇ ਗੋਦਾਮ ਨੂੰ ਬੰਦ ਕਰ ਦਿੱਤਾ।
