ਖੇਤੀ ਕਾਨੂੰਨਾਂ ਦੇ ਮਸਲੇ ਦਾ ਹੱਲ ਕਦੋਂ ਤੇ ਕਿਵੇਂ ਨਿਕਲੇਗਾ ਇਸ ਬਾਰੇ ਕਹਿਣਾ ਬਹੁਤ ਹੀ ਮੁਸ਼ਕਿਲ ਹੈ। ਕਿਉਂ ਕਿ ਸਰਕਾਰ ਅਤੇ ਕਿਸਾਨ ਦੋਵੇਂ ਅਪਣੀ-ਅਪਣੀ ਜ਼ਿੱਦ ’ਤੇ ਅੜੇ ਹੋਏ ਹਨ। ਇਸ ਦੌਰਾਨ ਕਿਸ ਦੀ ਗੱਲ ਸੁਣੀ ਜਾਂਦੀ ਹੈ ਇਸ ਬਾਰੇ ਆਉਣ ਵਾਲਾ ਸਮਾਂ ਹੀ ਦੱਸੇਗਾ।

ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਵੀ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਪ੍ਰਚਾਰ ਕਰ ਰਹੇ ਹਨ। ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਜੇ ਸੰਯੁਕਤ ਕਿਸਾਨ ਮੋਰਚਾ ਨੂੰ ਵਾਰਤਾ ਦਾ ਨਿਓਤਾ ਭੇਜੇਗੀ ਤਾਂ ਮੋਰਚਾ ਉਸ ’ਤੇ ਵਿਚਾਰ ਜ਼ਰੂਰ ਕਰੇਗਾ।
ਸਰਕਾਰ ਨਾਲ ਗੱਲਬਾਤ ਉੱਥੋਂ ਹੀ ਸ਼ੁਰੂ ਹੋਵੇਗੀ ਜਿੱਥੋਂ 22 ਜਨਵਰੀ ਨੂੰ ਰੁਕੀ ਸੀ। ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ, ਐਮਐਸਪੀ ਲਈ ਕਾਨੂੰਨ ’ਤੇ ਗੱਲ ਹੋਵੇਗੀ ਤੇ ਕਿਸਾਨਾਂ ਦੇ ਮੁੱਦੇ ਉਹੀ ਰਹਿਣਗੇ। ਉਹਨਾਂ ਅੱਗੇ ਕਿਹਾ ਕਿ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦੇ ਜਨਮ ਦਿਨ ’ਤੇ ਕਿਸਾਨਾਂ ਦਾ ਮੋਰਚਾ ਸੰਵਿਧਾਨ ਬਚਾਓ ਦਿਵਸ ਮਨਾਵੇਗਾ।
13 ਅਪ੍ਰੈਲ ਨੂੰ ਕਿਸਾਨਾਂ ਵੱਲੋਂ ਖਾਲਸਾ ਪੰਥ ਸਾਜਨਾ ਦਿਵਸ ਮਨਾਇਆ ਜਾਵੇਗਾ ਤੇ ਜਲ੍ਹਿਆਂਵਾਲਾ ਬਾਗ਼ ਦੀ ਬਰਸੀ ਤੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ। ਖੇਤੀ ਮੰਤਰੀ ਦੇ ਬਿਆਨ ਦੇ ਸਵਾਲ ਦਿੰਦੇ ਹੋਏ ਟਿਕੈਤ ਨੇ ਕਿਹਾ ਕਿ ਸਰਕਾਰ ਜਿਵੇਂ 22 ਜਨਵਰੀ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਨੂੰ ਗੱਲਬਾਤ ਦਾ ਸੱਦਾ ਭੇਜ ਰਹੀ ਹੈ ਉਸੇ ਤਰ੍ਹਾਂ ਸੱਦਾ ਭੇਜੇਗੀ ਤਾਂ ਮੋਰਚਾ ਉਸ ’ਤੇ ਵਿਚਾਰ ਜ਼ਰੂਰ ਕਰੇਗਾ।
