News

ਕੇਂਦਰ ਨੇ ਬਿਕਰਮ ਮਜੀਠੀਆ ਦੀ ਜੈੱਡ ਸ਼੍ਰੇਣੀ ਦੀ ਸੁਰੱਖਿਆ ਲਈ ਵਾਪਸ

ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਇਹ ਝਟਕਾ ਕੇਂਦਰ ਦੀ ਮੋਦੀ ਸਰਕਾਰ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੂੰ ਦਿੱਤਾ ਹੈ, ਜੀ ਹਾਂ ਕੇਂਦਰ ਦੀ ਮੋਦੀ ਸਰਕਾਰ ਨੇ ਬਿਕਰਮ ਮਜੀਠੀਆ ਦੀ ਜੈੱਡ ਸ਼੍ਰੇਣੀ ਦੀ ਸੁਰੱਖਿਆ ਵਾਪਸ ਲੈ ਲਈ ਹੈ।

ਕੇਂਦਰ ਵੱਲੋਂ ਭੇਜੀ ਗਈ ਚਿੱਠੀ ਮਗਰੋਂ ਮਜੀਠੀਆ ਦੀ ਸੁਰੱਖਿਆ ਵਾਪਸ ਬੁਲਾ ਲਈ ਗਈ ਹੈ, ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਮਜੀਠੀਆ ਦੀ ਸੁਰੱਖਿਆ ਦੀ ਸਮੀਖਿਆ ਕਰੇਗੀ ਅਤੇ ਇਹ ਤੈਅ ਕੀਤਾ ਜਾਵੇਗਾ ਕਿ ਮਜੀਠੀਆ ਨੂੰ ਹੁਣ ਕਿਸ ਪ੍ਰਕਾਰ ਦੀ ਸੁਰੱਖਿਆ ਦਿੱਤੀ ਜਾਵੇ।

ਕੇਂਦਰ ਦੇ ਨਵੇਂ ਹੁਕਮਾਂ ਮਗਰੋਂ ਮਜੀਠੀਆ ਨਾਲ ਚਲਦੀ ਸਾਰੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਅਤੇ ਫਿਲਹਾਲ ਮਜੀਠੀਆ ਦੀ ਸੁਰੱਖਿਆ ਸਿਰਫ ਪੰਜਾਬ ਪੁਲਿਸ ਦੇ ਅਧੀਨ ਆ ਗਈ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਨੇ ਜੁਲਾਈ 2018 ‘ਚ ਸੂਬੇ ਦੇ ਸਿਆਸੀ ਲੀਡਰਾਂ ਤੇ ਹੋਰ ਖਾਸ ਸ਼ਖਸੀਅਤਾਂ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਸੀ ਜਿਸ ਮਗਰੋਂ ਪੰਜਾਬ ਪੁਲਿਸ ਨੇ ਮਜੀਠੀਆ ਦੀ ਸੁਰੱਖਿਆ ਵਿੱਚ ਤਾਇਨਾਤ 10 ਦੇ ਕਰੀਬ ਪੁਲਿਸ ਜਵਾਨਾਂ ਨੂੰ ਵਾਪਸ ਬੁਲਾ ਲਿਆ ਸੀ।

ਜ਼ਿਕਰਯੋਗ ਹੈ ਕਿ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਸੂਬੇ ਵਿੱਚ ਅਕਾਲੀ ਭਾਜਪਾ ਸਰਕਾਰ ਦੌਰਾਨ ਗੈਂਗਸਟਰਾਂ ਤੇ ਵਿਦੇਸ਼ਾਂ ‘ਚ ਲੁਕੇ ਗੈਰ ਸਮਾਜੀ ਤੱਤਾਂ ਤੋਂ ਲਗਾਤਾਰ ਧਮਕੀਆਂ ਮਿਲਣ ਕਾਰਨ ਉਨ੍ਹਾਂ ਨੂੰ ਜੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ, ਜਿਸ ਕਾਰਨ ਮਜੀਠੀਆ ਨੂੰ ਸੀਆਈਐਸਐਫ ਦੇ ਕਰੀਬ 40 ਜਵਾਨ ਤੇ ਦੋ ਐਸਕਾਰਟ ਵਾਹਨ ਮੁਹੱਈਆ ਕਰਾਏ ਗਏ ਸੀ।

ਪਰ ਹੁਣ ਕੇਂਦਰ ਵੱਲੋਂ ਆਈ ਚਿੱਠੀ ਤੋਂ ਬਾਅਦ ਮਜੀਠੀਆ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਉਧਰ ਅਕਾਲੀ ਦਲ ਨੇ ਕੇਂਦਰ ਦੇ ਇਸ ਫੈਸਲੇ ਨੂੰ ਬਦਲਾਖੋਰੀ ਦੀ ਨੀਤੀ ਕਰਾਰ ਦਿੱਤਾ ਹੈ। ਅਕਾਲੀ ਦਲ ਮੁਤਾਬਕ ਖੇਤੀ ਦਾ ਵਿਰੋਧ ਕਰਨ ਕਾਰਨ ਹੀ ਇਹ ਸੁਰੱਖਿਆ ਵਾਪਸ ਬੁਲਾਈ ਗਈ ਹੈ। ਖੈਰ ਜੋ ਵੀ ਹੋਵੇ ਫਿਲਹਾਲ ਐਨਾ ਜ਼ਰੂਰ ਹੈ ਕਿ ਕੇਂਦਰ ਨਾਲ ਟੁੱਟੀ ਦਾ ਖਾਮਿਆਜ਼ਾ ਬਿਕਰਮ ਮਜੀਠੀਆ ਨੂੰ ਜ਼ਰੂਰ ਭੁਗਤਣਾ ਪੈ ਰਿਹਾ ਹੈ।

Click to comment

Leave a Reply

Your email address will not be published. Required fields are marked *

Most Popular

To Top