Punjab

ਕੇਂਦਰ ਦੀ ਟ੍ਰੇਨਾਂ ’ਤੇ ਬ੍ਰੇਕ, ਸਾਰੇ ਪਾਵਰ ਪਲਾਟ ਬੰਦ

ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਦੇ ਰੋਸ ਮੁਜ਼ਾਹਰੇ ਲਗਾਤਾਰ ਜਾਰੀ ਹਨ। ਅਜਿਹੇ ਵਿੱਚ ਹੁਣ ਕੇਂਦਰ ਸਰਕਾਰ ਨੇ ਸੂਬੇ ਵਿੱਚ ਮਾਲ ਗੱਡੀਆਂ ਤੇ ਬ੍ਰੇਕ ਲਗਾ ਦਿੱਤੀ ਹੈ। ਕੇਂਦਰ ਸਰਕਾਰ ਨੇ ਸ਼ਰਤ ਰੱਖੀ ਹੈ ਕਿ ਜੇ ਸਵਾਰੀਆਂ ਵਾਲੀਆਂ ਗੱਡੀਆਂ ਚੱਲਣਗੀਆਂ ਤਾਂ ਹੀ ਮਾਲ ਗੱਡੀਆਂ ਚਲਾਈਆਂ ਜਾਣਗੀਆਂ।

ਮਾਲ ਗੱਡੀਆਂ ਰੁਕਣ ਕਾਰਨ ਸਭ ਤੋਂ ਵੱਧ ਅਸਰ ਥਰਮਲ ਪਾਵਰ ਪਲਾਂਟਾਂ ਤੇ ਪਿਆ ਹੈ। ਪੰਜਾਬ ਵਿੱਚ ਕੋਲੇ ਦੀ ਘਾਟ ਹੋਣੀ ਸ਼ੁਰੂ ਹੋ ਗਈ ਹੈ। ਹੁਣ ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਸੂਬੇ ਵਿੱਚ ਸਾਰੇ ਥਰਮਲ ਪਾਵਰ ਪਲਾਂਟਾਂ ਵਿੱਚ ਬਿਜਲੀ ਉਤਪਾਦਨ ਠੱਪ ਹੋ ਗਿਆ ਹੈ।

ਪਾਵਰਕੌਮ ਸੈਂਟਰਲ ਕੰਟਰੋਲ ਰੂਮ ਮੁਤਾਬਕ ਮਾਨਸਾ ਦੇ ਤਲਵੰਡੀ ਸਾਬੋ ਥਰਮਲ ਪਾਵਰ ਪਲਾਂਟ ਵਿੱਚ ਇਕ ਤਿਹਾਈ ਦਿਨ ਲਈ 10,552 ਟਨ ਕੋਲਾ ਬਚਿਆ ਹੈ। ਰਾਜਪੁਰਾ ਪਲਾਂਟ ਵਿੱਚ ਅੱਧੇ ਦਿਨ ਲਈ 10 ਹਜ਼ਾਰ ਮੀਟ੍ਰਿਕ ਟਨ ਕੋਲਾ ਬਚਿਆ ਹੋਇਆ ਹੈ। ਗੋਇੰਦਵਾਲ ਸਾਹਿਬ ਪਲਾਂਟ ਵਿੱਚ 18,294 ਮੀਟ੍ਰਿਕ ਟਨ ਕੋਲਾ ਮੌਜੂਦ ਹੈ।

ਬਠਿੰਡਾ ਦੇ ਲਹਿਰਾ ਮੁਹੱਬਤ ਦੇ ਰੂਪਨਗਰ ਦੇ ਪਲਾਂਟ ਵਿੱਚ ਪਹਿਲਾਂ ਤੋਂ ਹੀ ਉਤਪਾਦ ਬੰਦ ਹੈ। ਅਜਿਹੇ ਵਿੱਚ ਪਾਵਰਕੌਮ ਨੇ 700 ਮੈਗਾਵਾਟ ਬਿਜਲੀ ਖਰੀਦਣ ਲਈ ਟੈਂਡਰ ਵੀ ਸੱਦੇ ਹਨ। ਪੰਜਾਬ ਵਿੱਚ ਪਿਛਲੇ ਕਰੀਬ ਇਕ ਮਹੀਨੇ ਤੋਂ ਪੰਜਾਬ ਵਿੱਚ ਮਾਲ ਗੱਡੀਆਂ ਤੇ ਬਰੇਕ ਲੱਗੀ ਹੋਈ ਹੈ।

ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਨੂੰ ਚਿੱਠੀ ਲਿਖ ਕੇ ਰੇਲ ਸੇਵਾਵਾਂ ਬਹਾਲ ਕਰਾਉਣ ‘ਚ ਨਿੱਜੀ ਦਖਲ ਦੇਣ ਦੀ ਮੰਗ ਕੀਤੀ ਸੀ। ਪਰ ਰੇਲ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਚਿੱਠੀ ‘ਚ ਕਿਹਾ ਕਿ ਪੰਜਾਬ ਸਰਕਾਰ ਮਾਲਗੱਡੀਆਂ ਦੇ ਨਾਲ-ਨਾਲ ਯਾਤਰੀ ਗੱਡੀਆਂ ਦੀ ਮੁੜ ਬਹਾਲੀ ਯਕੀਨੀ ਬਣਾਵੇ ਤੇ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਲਵੇ।

ਕੇਂਦਰ ਤੇ ਪੰਜਾਬ ਵਿਚਲੀ ਖਿੱਚੋਤਾਣ ਦੇ ਚੱਲਦਿਆਂ ਮਾਲਗੱਡੀਆਂ ਫਿਲਹਾਲ ਰੁਕੀਆਂ ਹੋਈਆਂ ਹਨ। ਜਿਸ ਕਾਰਨ ਰੂਪਨਗਰ, ਬਠਿੰਡਾ ਦੇ ਲਹਿਰਾ ਮੁਹੱਬਤ, ਮਾਨਸਾ ਦੇ ਤਲਵੰਡੀ ਸਾਬੋ, ਪਟਿਆਲਾ ਦੇ ਰਾਜਪੁਰਾ ਤੇ ਤਰਨ ਤਾਰਨ ਦੇ ਗੋਇੰਦਵਾਲ ਸਾਹਿਬ ਥਰਮਲ ਪਾਵਰ ਪਲਾਂਟ ਦੇ ਸਾਰੇ ਯੂਨਿਟ ਬੰਦ ਕਰ ਦਿੱਤੇ ਗਏ ਹਨ। ਕੋਲਾ ਨਾ ਪਹੁੰਚਣ ਕਾਰਨ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਇਸ ਸਮੇਂ ਸੂਬੇ ‘ਚ 5456 ਮੈਗਾਵਾਟ ਬਿਜਲੀ ਦੀ ਮੰਗ ਹੈ।  

Click to comment

Leave a Reply

Your email address will not be published. Required fields are marked *

Most Popular

To Top