ਕੁੰਵਰ ਵਿਜੇ ਪ੍ਰਤਾਪ ਨੂੰ ਸਿੱਖ ਜੱਥੇਬੰਦੀਆਂ ਵੱਲੋਂ ਗੋਲਡ ਮੈਡਲ ਨਾਲ ਕੀਤਾ ਗਿਆ ਸਨਮਾਨਿਤ

ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਅੱਜ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਸਮੂਹ ਸਿੱਖ ਜੱਥੇਬੰਦੀਆਂ ਵੱਲੋਂ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹਨਾਂ ਜੱਥੇਬੰਦੀਆਂ ਵਿੱਚ ਹਿੰਦੂ ਅਤੇ ਮੁਸਲਿਮ ਦੋਵੇਂ ਸ਼ਾਮਲ ਸਨ। ਇਸ ਮੌਕੇ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਸੀ ਮੌਜੂਦ ਸਨ।

ਉਹਨਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੇ ਬਹੁਤ ਮਿਹਨਤ ਕੀਤੀ ਹੈ ਪਰ ਜਦੋਂ ਮਿਹਨਤ ਨੂੰ ਫ਼ਲ ਮਿਲਣ ਲੱਗਾ ਤਾਂ ਉਹਨਾਂ ਦੀ ਰਿਪੋਰਟ ਰੱਦ ਕਰ ਦਿੱਤੀ ਗਈ। ਉੱਥੇ ਹੀ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਨੌਕਰੀ ਜਾਣ ਦਾ ਉਹਨਾਂ ਨੂੰ ਕੋਈ ਅਫ਼ਸੋਸ ਨਹੀਂ ਹੈ। ਮੇਰੀ ਨੌਕਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿੱਚ ਗਈ ਹੈ।
ਜਦ ਮੈਂ ਜਾਂਚ ਸ਼ੁਰੂ ਕੀਤੀ ਸੀ ਤਾਂ ਮੈਨੂੰ ਪਤਾ ਸੀ ਕਿ ਮੇਰੀ ਨੌਕਰੀ ਜਾ ਸਕਦੀ ਹੈ। ਮੇਰੀ ਜਾਨ ਜਾ ਸਕਦੀ ਹੈ ਕਿਉਂ ਕਿ ਜਿਹਨਾਂ ਵਿਰੁੱਧ ਜਾਂਚ ਕਰ ਰਿਹਾ ਸੀ ਉਹ ਵੀ ਬਹੁਤ ਖਤਰਨਾਕ ਸਨ। ਉਹਨਾਂ ਅੱਗੇ ਕਿਹਾ ਕਿ ਮੈਨੂੰ ਆਸ ਸੀ ਕਿ ਨਿਆਂ ਪਾਲਿਕਾ ਤੋਂ ਇਨਸਾਫ਼ ਮਿਲੇਗਾ ਪਰ ਨਹੀਂ ਮਿਲਿਆ।
ਹਾਈਕੋਰਟ ਦੇ ਫ਼ੈਸਲੇ ਤੇ ਕੋਈ ਬਿਆਨ ਨਹੀਂ ਦੇਣਾ ਚਾਹੁੰਦਾ ਪਰ ਮੇਰੇ ਵੱਲੋਂ ਕੀਤੀ ਜਾਂਚ ਦੀ ਇੱਕ-ਇੱਕ ਲਾਈਨ ਸਬੂਤ ਹੈ। ਜੇ ਫਰੀਦਕੋਟ ਜ਼ਿਲ੍ਹਾ ਅਦਾਲਤ ਵਿੱਚ ਸਬੂਤ ਦੇਖ ਕੇ ਫ਼ੈਸਲਾ ਹੁੰਦਾ ਤਾਂ ਫਿਰ ਮੈਨੂੰ ਕੋਈ ਦੁੱਖ ਨਹੀਂ ਸੀ। ਕੋਈ ਵੀ ਕਾਨੂੰਨ ਦਾ ਜਾਣਕਾਰ ਹੈ ਉਹ ਉਹਨਾਂ ਨਾਲ ਬਹਿਸ ਕਰ ਸਕਦਾ ਹੈ।
ਉਹਨਾਂ ਕਿਹਾ ਕਿ ਪੰਜ ਚਲਾਨ ਰੱਦ ਹੋ ਗਏ ਤੇ ਚਾਰ ਹਾਲੇ ਵੀ ਅਦਾਲਤ ਵਿੱਚ ਪਏ ਹਨ। ਇਨਸਾਫ਼ ਦੀ ਲੜਾਈ ਅੱਜ ਸ਼ੁਰੂ ਹੋਈ ਹੈ। ਗੁਰੂ ਸਾਹਿਬ ਦਾ ਅਦੇਸ਼ ਆਇਆ ਕਿ ਨੌਕਰੀ ‘ਚ ਰਹਿ ਕੇ ਕਮਜ਼ੋਰ ਹੋ ਗਿਆ ਸੀ ਤਾਂ ਇਸ ਨੌਕਰੀ ਨੂੰ ਛੱਡ ਦਿਓ ਤਾਂ ਛੱਡ ਦਿੱਤੀ।
ਵਿਰੋਧ ਕਰਨ ਵਾਲੇ ਨਸ਼ਿਆਂ ਦੇ ਵਪਾਰੀ, ਕੇਬਲ ਨੈੱਟਵਰਕ ਤੇ ਕਬਜ਼ਾ ਕਰਨ ਵਾਲਿਆਂ ਦਾ ਖਾਤਮਾ ਹੋਵੇਗਾ। ਉਨ੍ਹਾਂ ਕਿਹਾ ਕਿ ਨਵਾਂ ਪੰਜਾਬ ਬਣੇਗਾ। ਉਨ੍ਹਾਂ ਕਿਹਾ ਕਿ ਜੋ ਅੱਜ ਮੇਰੇ ‘ਤੇ ਦੋਸ਼ ਲਾ ਰਹੇ ਹਨ, ਉਨ੍ਹਾਂ ਨੂੰ ਆਪਣੇ ਆਪ ਜਵਾਬ ਮਿਲ ਜਾਵੇਗਾ।
