ਕੁਮਾਰ ਵਿਸ਼ਵਾਸ ਦੇ ਘਰ ਪਹੁੰਚੀ ਪੰਜਾਬ ਪੁਲਿਸ, ਕੁਮਾਰ ਨੇ ਸੀਐਮ ਭਗਵੰਤ ਮਾਨ ਨੂੰ ਦਿੱਤੀ ਵੱਡੀ ਚੇਤਾਵਨੀ

ਆਮ ਆਦਮੀ ਪਾਰਟੀ ਦੇ ਸਾਬਕਾ ਲੀਡਰ ਤੇ ਕਵੀ ਕੁਮਾਰ ਵਿਸ਼ਵਾਸ ਨੇ ਭਗਵੰਤ ਮਾਨ ਨੂੰ ਲੈ ਕੇ ਟਵੀਟ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਬੁੱਧਵਾਰ ਸਵੇਰੇ ਉਹਨਾਂ ਦੇ ਘਰ ਪਹੁੰਚੀ ਹੈ। ਇਸ ਸਬੰਧੀ ਉਹਨਾਂ ਨੇ ਕੁਝ ਤਸਵੀਰਾਂ ਟਵੀਟ ਕੀਤੀਆਂ ਹਨ। ਇਸ ਟਵੀਟ ਵਿੱਚ ਉਹਨਾਂ ਨੇ ‘ਆਪ’ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਲਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੱਤੀ ਹੈ।
ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਮਾਰ ਵਿਸ਼ਵਾਸ ਦੇ ਘਰ ਬਾਹਰ ਕੁਝ ਪੁਲਿਸ ਮੁਲਾਜ਼ਮ ਖੜ੍ਹੇ ਹਨ। ਉਹਨਾਂ ਨੇ ਤਸਵੀਰਾਂ ਸਾਂਝੀਆਂ ਕਰਕੇ ਮੁੱਖ ਮੰਤਰੀ ਮਾਨ ਨੂੰ ਵੀ ਚੇਤਾਵਨੀ ਦਿੱਤੀ। ਕੁਮਾਰ ਨੇ ਟਵੀਟ ਕਰਦਿਆਂ ਲਿਖਿਆ ਕਿ ਪੰਜਾਬ ਪੁਲਿਸ ਤੜਕੇ ਹੀ ਦਰਵਾਜ਼ੇ ਤੇ ਪਹੁੰਚੇ ਗਈ ਹੈ। ਇਕ ਸਮੇਂ ਮੇਰੇ ਵੱਲੋਂ ਹੀ ਪਾਰਟੀ ਵਿੱਚ ਸ਼ਾਮਲ ਕਰਵਾਏ ਗਏ ਭਗਵੰਤ ਮਾਨ ਨੂੰ ਅਪੀਲ ਕਰ ਰਿਹਾ ਹਾਂ ਕਿ ਤੁਸੀਂ ਦਿੱਲੀ ਵਿੱਚ ਬੈਠੇ ਜਿਸ ਵਿਅਕਤੀ ਨੂੰ ਪੰਜਾਬ ਦੇ ਲੋਕਾਂ ਵੱਲੋਂ ਦਿੱਤੀ ਤਾਕਤ ਨਾਲ ਖੇਡਣ ਦੇ ਰਹੇ ਹੋ, ਉਹ ਇੱਕ ਦਿਨ ਤੁਹਾਨੂੰ ਤੇ ਪੰਜਾਬ ਨੂੰ ਵੀ ਧੋਖਾ ਦੇਵੇਗਾ।
ਦੇਸ਼ ਮੇਰੀ ਚੇਤਾਵਨੀ ਯਾਦ ਰੱਖੇ।” ਦੱਸ ਦੇਈਏ ਕਿ ਪੰਜਾਬ ‘ਚ ਚੋਣਾਂ ਦੌਰਾਨ ਕੁਮਾਰ ਵਿਸ਼ਵਾਸ ਨੇ ‘ਆਪ’ ਤੇ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ‘ਤੇ ਕਈ ਗੰਭੀਰ ਇਲਜ਼ਾਮ ਲਾਏ ਸੀ। ਉਨ੍ਹਾਂ ਕਿਹਾ ਸੀ ਕਿ ਕੇਜਰੀਵਾਲ ਨੇ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਇਸ ਸਬੰਧੀ ਕੇਜਰੀਵਾਲ ਤੋਂ ਜਵਾਬ ਵੀ ਮੰਗਿਆ ਸੀ। ਕੁਮਾਰ ਨੇ ਕਿਹਾ ਸੀ ਕਿ ਕੇਜਰੀਵਾਲ ਵੱਖਵਾਦੀਆਂ ਦੇ ਸਮਰਥਨ ਨਾਲ ਸਰਕਾਰ ਬਣਾਉਣਾ ਚਾਹੁੰਦੇ ਹਨ।
