ਕੀ ਹੈ ਨਵਜੋਤ ਸਿੱਧੂ ਦੇ 18 ਨੁਕਤਿਆਂ ਦਾ ਏਜੰਡਾ? ਪੰਜਾਬ ਕਾਂਗਰਸ ਪ੍ਰਧਾਨ ਬਣਦਿਆਂ ਹੀ ਸਿੱਧੂ ਨੇ ਕੀਤੇ ਟਵੀਟ

ਨਵਜੋਤ ਸਿੰਘ ਸਿੱਧੂ ਨੂੰ ਬੀਤੀ ਰਾਤ ਆਖਿਰਕਾਰ ਪ੍ਰਧਾਨਗੀ ਮਿਲ ਹੀ ਗਈ ਹੈ। ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਲਈ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਐਲਾਨ ਦਿੱਤਾ ਹੈ। ਉਂਝ ਇਸ ਬਾਰੇ ਕਈ ਦਿਨਾਂ ਤੋਂ ਚਰਚਾ ਸ਼ੁਰੂ ਹੋ ਗਈ ਸੀ। ਸਿੱਧੂ ਨੇ ਪ੍ਰਧਾਨ ਬਣਦਿਆਂ ਹੀ ਹੁਣ ‘ਜਿੱਤੇਗਾ ਪੰਜਾਬ’ ਹੇਠ 18 ਨੁਕਤੀ ਏਜੰਡੇ ਤੇ ਕੰਮ ਕਰਨ ਦਾ ਐਲਾਨ ਕਰ ਦਿੱਤਾ ਹੈ। ਸਿੱਧੂ ਨੇ ਪ੍ਰਧਾਨ ਬਣਨ ਤੋਂ ਬਅਦ ਹੁਣ ਇੱਕ ਤੋਂ ਬਾਅਦ ਇੱਕ ਤਿੰਨ ਟਵੀਟ ਕੀਤੇ ਹਨ ਜਿਸ ਵਿੱਚ ਉਨ੍ਹਾਂ ਪਿਤਾ ਨੂੰ ਯਾਦ ਕਰਦਿਆਂ ਪੰਜਾਬ ਦੇ ਲੋਕਾਂ ਦੀ ਤਾਕਤ ਲੋਕਾਂ ਦੇ ਹੱਥਾਂ ਵਿੱਚ ਦੁਬਾਰਾ ਪਹੁੰਚਾਉਣ ਲਈ ਕੰਮ ਕਰਨ ਦਾ ਐਲਾਨ ਕੀਤਾ ਹੈ।

ਸਿੱਧੂ ਲਿਖਦੇ ਨੇ ਕਿ, “ਖੁਸ਼ਹਾਲੀ, ਸਹੂਲਤਾਂ ਅਤੇ ਖੁਦਮੁਖ਼ਤਿਆਰੀ ਕੁੱਝ ਕੁ ਲੋਕਾਂ ਵਾਸਤੇ ਹੀ ਨਹੀਂ ਸਗੋਂ ਸਾਰਿਆਂ ਵਿਚ ਵੰਡਣ ਲਈ ਕਾਂਗਰਸ ਵਰਕਰ ਵੱਜੋਂ ਮੇਰੇ ਪਿਤਾ ਨੇ ਰੱਜਿਆ-ਪੁੱਜਿਆ ਘਰ ਛੱਡਕੇ ਆਜ਼ਾਦੀ ਦੇ ਸੰਘਰਸ਼ ਵਿਚ ਹਿੱਸਾ ਲਿਆ। ਉਨ੍ਹਾਂ ਨੂੰ ਦੇਸ਼ਭਗਤੀ ਦੇ ਕਾਰਜਾਂ ਬਦਲੇ ਸਜ਼ਾ-ਏ-ਮੌਤ ਸੁਣਾਈ ਗਈ, ਜੋ ਕਿ ਕਿੰਗਜ਼ ਐਮਨਸਟੀ (King’s Amnesty) ; ਰਾਣੀ ਦੇ ਜਨਮ-ਦਿਨ ਮੌਕੇ ਪਰਚੀਆਂ ਪਾ ਕੇ ਰੱਦ ਹੋਈ। ਫਿਰ ਉਹ ਦਹਾਕਿਆਂ ਤੱਕ ਜਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਰਹੇ, ਮੈਂਬਰ ਵਿਧਾਨ ਸਭਾ, ਮੈਂਬਰ ਵਿਧਾਨ ਪਰਿਸ਼ਦ ਅਤੇ ਪੰਜਾਬ ਦੇ ਐਡਵੋਕੇਟ ਜਨਰਲ ਬਣੇ।

ਅੱਜ, ਮੇਰਾ ਮਿਸ਼ਨ ਉਸੇ ਸੁਪਨੇ ਨੂੰ ਪੂਰਾ ਕਰਨਾ ਅਤੇ ਕੁੱਲ ਹਿੰਦ ਕਾਂਗਰਸ ਦੇ ਇਸ ਅਜੇਤੂ ਕਿਲ੍ਹੇ ਨੂੰ ਹੋਰ ਮਜ਼ਬੂਤ ਕਰਨ ਲਈ ਅਣਥੱਕ ਕੰਮ ਕਰਨਾ ਹੈ। ਬਹੁਤ ਹੀ ਸਤਿਕਾਰਯੋਗ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜੀ, ਸ੍ਰੀ ਰਾਹੁਲ ਗਾਂਧੀ ਜੀ ਅਤੇ ਸ੍ਰੀਮਤੀ ਪ੍ਰਿਯੰਕਾ ਗਾਂਧੀ ਜੀ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਸ਼ੁਕਰਗੁਜਾਰ ਹਾਂ ਕਿ ਉਨ੍ਹਾਂ ਨੇ ਮੇਰੇ ਉੱਪਰ ਭਰੋਸਾ ਕਰਦਿਆਂ ਮੈਨੂੰ ਇਹ ਬੇਹੱਦ ਮਹੱਤਵਪੂਰਨ ਜ਼ੁੰਮੇਵਾਰੀ ਸੌਂਪੀ।

ਕਾਂਗਰਸ ਦਾ ਨਿਮਾਣਾ ਵਰਕਰ ਹੁੰਦਿਆਂ ਮੈਂ ਮਿਸ਼ਨ ‘ਜਿੱਤੇਗਾ ਪੰਜਾਬ’ ਪੂਰਾ ਕਰਨ ਲਈ ‘ਪੰਜਾਬ ਮਾਡਲ’ ਅਤੇ ਹਾਈ ਕਮਾਂਡ ਦੇ 18 ਨੁਕਾਤੀ ਏਜੰਡੇ ਰਾਹੀਂ ਲੋਕਾਂ ਦੀ ਤਾਕਤ ਲੋਕਾਂ ਤੱਕ ਵਾਪਸ ਪਹੁੰਚਾਉਣ ਖ਼ਾਤਰ ਪੰਜਾਬ ਵਿੱਚ ਕਾਂਗਰਸ ਪਰਿਵਾਰ ਦੇ ਹਰ ਮੈਂਬਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗਾ। … ਮੇਰਾ ਸਫ਼ਰ ਅਜੇ ਸ਼ੁਰੂ ਹੀ ਹੋਇਆ ਹੈ !!

ਫਿਲਹਾਲ ਪ੍ਰਧਾਨ ਦੇ ਐਲਾਨ ਤੋਂ ਬਾਅਦ ਹਾਲੇ ਸਿੱਧੂ ਦਾ ਅੱਜ ਪਹਿਲਾ ਹੀ ਦਿਨ ਹੈ ਅਤੇ ਸਿੱਧੂ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਦੱਸ ਦਈਏ ਕਿ ਪ੍ਰਧਾਨਗੀ ਤੋਂ ਪਹਿਲਾਂ ਅਤੇ ਕੈਪਟਨ ਨਾਲ ਨਾਰਾਜ਼ਗੀ ਦੇ ਦਿਨਾਂ ਵਿੱਚ ਵੀ ਸਿੱਧੂ ਅਜਿਹੇ ਹੀ ਟਵੀਟ ਕਰ ਪੰਜਾਬ ਕਾਂਗਰਸ ਤੇ ਨਿਸ਼ਾਨੇ ਸਾਧਦੇ ਰਹਿੰਦੇ ਸੀ।
ਹੁਣ ਦੇਖਣਾ ਇਹੀ ਹੈ ਕਿ ਸਿੱਧੂ ਦਾ ਇਹ 18 ਨੁਕਾਤੀ ਏਜੰਡਾ ਹੈ ਕੀ, ਕੀ ਇਸ ਏਜੰਡੇ ਵਿੱਚ ਆਮ ਲੋਕਾਂ ਦੀ ਕੋਈ ਗੱਲ ਸ਼ਾਮਿਲ ਹੈ, ਕੀ ਇਸ ਏਜੰਡੇ ਨਾਲ ਸਿੱਖਾਂ ਨੂੰ ਬੇਅਦਬੀਆਂ ਦਾ ਇਨਸਾਫ, ਲੋਕਾਂ ਨੂੰ ਨਸ਼ੇ , ਮਾਫੀਆ ਆਦਿ ਤੋਂ ਰਾਹਤ ਮਿਲ ਸਕੇਗੀ ਅਤੇ ਸਭ ਤੋਂ ਵੱਡਾ ਸਵਾਲ ਕੀ ਸਿੱਧੂ ਦਾ ਇਹ 18 ਨੁਕਾਤੀ ਏਜੰਡਾ ਕੈਪਟਨ ਦੇ ਸਿਸਟਮ ਵਿੱਚ ਕਿਧਰੇ ਫਿੱਟ ਬੈਠ ਸਕੇਗਾ? ਜਾਂ ਫਿਰ ਇਹ ਸਭ ਆਉਂਦੀਆਂ ਚੋਣਾਂ ਲਈ ਸਿਆਸੀ ਬਿਸਾਤ ਵਿਛਾਈ ਜਾ ਰਹੀ ਹੈ, ਫਿਲਹਾਲ ਸਵਾਲ ਅਨੇਕਾਂ ਹਨ ਜਿਨ੍ਹਾਂ ਦਾ ਜਵਾਬ ਆਉਂਦੇ 6 ਮਹੀਨਿਆਂ ਵਿੱਚ ਮਿਲਣ ਦੀ ਉਮੀਦ ਲਾਈ ਜਾ ਰਹੀ ਹੈ।
