ਕੀ ਹੁਣ ਅਕਾਲੀ ਦਲ ਅਤੇ ਭਾਜਪਾ ਦੀ ਟੁੱਟੇਗੀ ਤੜੱਕ ਕਰ ਕੇ?

ਖੇਤੀ ਆਰਡੀਨੈਂਸਾਂ ਦੇ ਲੋਕ ਸਭਾ ਵਿੱਚ ਪਾਸ ਹੋਣ ਤੋਂ ਬਾਅਦ ਜਿੱਥੇ ਸਿਆਸਤ ਵਿੱਚ ਖਲਬਲੀ ਮੱਚ ਗਈ ਹੈ ਉੱਥੇ ਹੀ ਕਿਸਾਨਾਂ ਵਿੱਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਖੇਤੀ ਆਰਡੀਨੈਂਸ ਪਾਸ ਹੋਣ ਤੋਂ ਬਾਅਦ ਕਿਸਾਨਾਂ ਦੀਆਂ ਸਾਰੀਆਂ ਆਸਾਂ ਤੇ ਪਾਣੀ ਫਿਰ ਚੁੱਕਾ ਹੈ ਤੇ ਉਹਨਾਂ ਦੀਆਂ ਉਮੀਦਾਂ ਵੀ ਢਹਿ-ਢੇਰੀ ਹੋ ਗਈਆਂ ਹਨ।

ਹਰਸਿਮਰਤ ਕੌਰ ਬਾਦਲ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਆਰਡੀਨੈਂਸ ਪਾਸ ਹੋਣ ਤੋਂ ਥੋੜਾ ਸਮਾਂ ਪਹਿਲਾਂ ਦਿੱਤਾ ਸੀ ਜਿਸ ਨੂੰ ਲੈ ਕੇ ਹੁਣ ਹਰਸਿਮਰਤ ਕੌਰ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਹਨ। ਉਹਨਾਂ ਦੇ ਅਸਤੀਫ਼ੇ ਨਾਲ ਭਾਜਪਾ ਅਤੇ ਅਕਾਲੀ ਦਲ ਵਿੱਚ ਦਰਾੜ ਪੈਂਦੀ ਨਜ਼ਰ ਆ ਰਹੀ ਹੈ।
ਜਿਸ ਤਰ੍ਹਾਂ ਕਿ ਪਹਿਲਾਂ ਤੋਂ ਹੀ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਇਸ ਵਾਰ ਆਸਾਨ ਨਹੀਂ ਹੋਣਗੀਆਂ। ਇਸ ਲਈ ਹੋ ਸਕਦਾ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਪੰਜਾਬ ‘ਚ ਕਈ ਨਵੇਂ ਫਾਰਮੂਲੇ ਸਾਹਮਣੇ ਲਿਆਉਣ ਅਤੇ ਅਜਿਹੇ ਹੀ ਇਕ ਫਾਰਮੂਲੇ ਤਹਿਤ ਪੰਜਾਬ ‘ਚ ਅਕਾਲੀ ਦਲ ਅਤੇ ਭਾਜਪਾ ਵੱਲੋਂ ਵੱਖ-ਵੱਖ ਚੋਣਾਂ ਲੜਨ ਦੀ ਯੋਜਨਾ ਵੀ ਸੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਾਵਨ ਸਰੂਪਾਂ ਦੇ ਮਾਮਲੇ ’ਚ ਦੋਸ਼ੀਆਂ ਨੂੰ ਸੁਣਾਈ ਗਈ ਧਾਰਮਿਕ ਸਜ਼ਾ
ਸਿਆਸੀ ਮਾਹਰਾਂ ਨੇ ਅੰਦਾਜ਼ਾ ਲਗਾਇਆ ਸੀ ਕਿ ਜਿਸ ਤਰ੍ਹਾਂ ਕੇਂਦਰ ਵਿੱਚ ਭਾਜਪਾ ਪੂਰੀ ਤਰ੍ਹਾਂ ਅਪਣਾ ਆਧਾਰ ਮਜ਼ਬੂਤ ਬਣਾ ਚੁੱਕੀ ਹੈ ਉਸ ਨੂੰ ਵੇਖ ਕੇ ਲਗਦਾ ਹੈ ਕਿ ਪੰਜਾਬ ਵਿੱਚ ਵੀ ਭਾਜਪਾ ਅਪਣੇ ਬਲਬੂਤੇ ਤੇ ਚੋਣਾਂ ਲੜਨ ਅਤੇ ਅਕਾਲੀ ਦਲ ਤੋਂ ਨਿਜਾਤ ਪਾਉਣ ਦੀ ਕੋਸ਼ਿਸ਼ ਕਰੇਗੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਪਾਵਨ ਸਰੂਪਾਂ ਦੇ ਦੋਸ਼ੀਆਂ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਤਲਬ
ਇਸ ਮਾਮਲੇ ਦੀ ਸ਼ੁਰੂਆਤ ਕਈ ਮਹੀਨੇ ਪਹਿਲਾਂ ਉਦੋਂ ਹੋਈ ਸੀ, ਜਦੋਂ ਭਾਜਪਾ ਦੇ ਕਈ ਸੀਨੀਅਰ ਆਗੂਆਂ ਨੇ ਸ਼ਰੇਆਮ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਜੇਕਰ ਭਾਜਪਾ ਨੇ ਅਜੇ ਵੀ ਪੰਜਾਬ ‘ਚ ਆਪਣੇ ਬਲਬੂਤੇ ‘ਤੇ ਚੋਣਾਂ ਨਾ ਲੜੀਆਂ ਤਾਂ ਉਹ ਕਦੇ ਵੀ ਪੰਜਾਬ ‘ਚ ਆਪਣਾ ਆਧਾਰ ਮਜ਼ਬੂਤ ਨਹੀਂ ਕਰ ਸਕੇਗੀ। ਉੱਥੇ ਹੀ ਭਾਜਪਾ ਦੇ ਸੀਨੀਅਰ ਆਗੂ ਮਿੱਤਲ ਨੇ ਤਾਂ ਸਿੱਧੇ ਤੌਰ ਤੇ ਅਕਾਲੀ ਦਲ ਨਾਲੋਂ ਨਾਤਾ ਤੋੜ ਕੇ ਪੰਜਾਬ ਵਿੱਚ ਪਾਰਟੀ ਨੂੰ ਇਕੱਲਿਆਂ ਹੀ ਚੋਣ ਲੜਨ ਦੀ ਸਲਾਹ ਦਿੱਤੀ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਤਕਰੀਬਨ ਡੇਢ ਸਾਲ ਪਹਿਲਾਂ ਹੀ ਇਸ ਤਰੇੜ ਨੂੰ ਹੋਰ ਵਧਾ ਦਿੱਤਾ ਗਿਆ ਹੈ ਅਤੇ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੇ ਪੰਜਾਬ ‘ਚ ਅਕਾਲੀ ਦਲ ਅਤੇ ਭਾਜਪਾ ਵੱਲੋਂ ਵੱਖ-ਵੱਖ ਚੋਣਾਂ ਲੜਨ ਦੀ ਪ੍ਰਕਿਰਿਆ ਦਾ ਨੀਂਹ ਪੱਥਰ ਰੱਖ ਦਿੱਤਾ ਹੈ।
ਇਸ ਦੇ ਨਾਲ ਹੀ ਪੰਜਾਬ ‘ਚ ਆਉਣ ਵਾਲੇ ਦਿਨਾਂ ‘ਚ ਹਿੰਦੂ-ਸਿੱਖ ਵਿਵਾਦ ਵੀ ਵਧਦਾ ਵਿਖਾਈ ਦੇ ਸਕਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਤੋਂ ਬਾਅਦ ਅਗਲਾ ਮੁੱਦਾ ਅਜਿਹਾ ਕਿਹੜਾ ਸਾਹਮਣੇ ਆਉਂਦਾ ਹੈ, ਜਿਸ ਨਾਲ ਅਕਾਲੀ ਦਲ ਤੇ ਭਾਜਪਾ ਵਿਚਲੀ ਦੂਰੀ ਹੋਰ ਵਧਦੀ ਹੈ।
