ਕਿਸਾਨ ਸੰਘਰਸ਼ ਦਾ ‘ਹੀਰੋ’ ਬਣਿਆ ਨਵਦੀਪ ਸਿੰਘ, ਜਾਣੋ ਇਸ ਨੌਜਵਾਨ ਬਾਰੇ

‘ਦਿੱਲੀ ਚੱਲੋ’ ਮੋਰਚੇ ਤਹਿਤ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰ ਦਿੱਤਾ ਹੈ। ਇਸ ਕੜੀ ਤਹਿਤ ਰਾਤੋ-ਰਾਤ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਇਆ ਨਵਦੀਪ ਸਿੰਘ ਨਾਮ ਦਾ ਨੌਜਵਾਨ ਹੀਰੋ ਬਣ ਕੇ ਸਾਹਮਣੇ ਆਇਆ ਹੈ। ਨਵਦੀਪ ਸਿੰਘ ਵੱਲੋਂ ਪਾਣੀ ਦੀਆਂ ਬੁਛਾਰਾਂ ਬੰਦ ਕਰਕੇ ਕਿਸਾਨਾਂ ਨੂੰ ਪਾਣੀ ਦੀ ਮਾਰ ਤੋ ਬਚਾ ਕੇ ਬਹਾਦਰੀ ਦਿਖਾਈ ਗਈ ਹੈ।

ਜਿਸ ਦੀ ਇਹ ਵੀਡੀਓ ਵੀ ਸ਼ੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ ਅਤੇ ਨੌਜਵਾਨ ਦੀ ਦਲੇਰੀ ਕਾਰਨ ਕਿਸਾਨਾਂ ਸਣੇ ਲੀਡਰ ਵੀ ਨੌਜਵਾਨ ਨੂੰ ਸਲਾਮਾਂ ਕਰ ਰਹੇ ਹਨ। ਪਰ ਹੁਣ ਨਵਦੀਪ ਸਿੰਘ ਨੇ ਕੈਮਰੇ ਅੱਗੇ ਕਿਹਾ ਹੈ ਕਿ ਉਹ ਪਿਛਲੇ 4 ਮਹੀਨੇ ਤੋਂ ਕਿਸਾਨੀ ਸੰਘਰਸ਼ ‘ਚ ਡੱਟੇ ਹੋਏ ਹਨ ਅਤੇ ਅੱਗੇ ਵੀ ਕਿਸਾਨਾਂ ਦਾ ਡੱਟ ਕੇ ਸਾਥ ਦੇਣਗੇ।
ਨਵਦੀਪ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਦਿੱਲੀ ਜਾਣ ਲਈ ਹਰ ਤਰੀਕਾ ਵਰਤਿਆ ਜਾਵੇਗਾ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਲਗਾਏ ਸਾਰੇ ਬੈਰੀਕੇਡ ਤੋੜ ਕੇ ਦਿੱਲੀ ਜਾਇਆ ਜਾਵੇਗਾ। ਉੱਥੇ ਹੀ ਨਵਦੀਪ ਨੇ ਦੋਸ਼ ਵੀ ਲਾਇਆ ਕਿ ਪੁਲਿਸ ਵੱਲੋਂ ਪਹਿਲਾਂ ਹੀ ਕਿਸਾਨੀ ਸੰਘਰਸ਼ ਦੌਰਾਨ ਉਸ’ਤੇ ਝੂਠੇ ਪਰਚੇ ਵੀ ਦਰਜ ਕੀਤੇ ਗਏ ਹਨ।
ਦੱਸ ਦਈਏੇ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਹਰਿਆਣਾ ਦੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਬਾਰਡਰ ਸੀਲ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਸਣੇ ਨੌਜਵਾਨਾਂ ਦੇ ਹੌਂਸਲੇ ਵੀ ਬੁਲੰਦ ਨਜ਼ਰ ਆ ਰਹੇ ਹਨ। ਇਸ ਸੰਘਰਸ਼ ਦੌਰਾਨ ਬਹਾਦਰੀ ਦਿਖਾਉਣ ਵਾਲੇ ਨਵਦੀਪ ਸਿੰਘ ਦੀ ਕਾਫ਼ੀ ਚਰਚਾ ਹੋ ਰਹੀ ਹੈ।
