ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਨੇ ਚੋਣ ਲੜਨ ਤੋਂ ਕੀਤਾ ਇਨਕਾਰ

ਆਸੀ ਲੀਡਰਾਂ ਦੇ ਨਾਲ ਨਾਲ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਵੀ ਚੋਣ ਮੈਦਾਨ ਵਿੱਚ ਉੱਤਰੀਆਂ ਹਨ। ਪਰ ਹੁਣ ਸੰਯੁਕਤ ਸਮਾਮ ਮੋਰਚੇ ਦੇ ਵੱਡੇ ਲੀਡਰ ਚੋਣਾਂ ਲੜਨ ਤੋਂ ਹੁਣ ਪੈਰ ਪਿੱਛੇ ਖਿੱਚੇ ਰਹੇ ਹਨ। ਮਾਨਸਾ ਤੋਂ ਸੀਨੀਅਰ ਕਿਸਾਨ ਲੀਡਰ ਰੁਲਦੂ ਸਿੰਘ ਤੇ ਸਰਦੂਲਗੜ੍ਹ ਹਲਕੇ ਤੋਂ ਬੋਘ ਸਿੰਘ ਚੋਣ ਲੜਨ ਤੋਂ ਪਿੱਛੇ ਹਟ ਗਏ ਹਨ।

ਰੁਲਦੂ ਸਿੰਘ ਨੇ ਕਿਹਾ ਕਿ ਉਹ ਹੁਣ ਪੰਜਾਬ ਭਰ ਵਿੱਚ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ, ਇਸ ਲਈ ਉਹ ਹੁਣ ਲੜਨ ਤੋਂ ਆਪਸੀ ਸਹਿਮਤੀ ਨਾਲ ਪਾਸੇ ਹਟ ਗਏ ਹਨ। ਸੰਯੁਕਤ ਸਮਾਜ ਮੋਰਚੇ ਨੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਗੁਰਨਾਮ ਸਿੰਘ ਭੀਖੀ ਨੂੰ ਮਾਨਸਾ ਤੋਂ ਉਮੀਦਵਾਰ ਐਲਾਨਿਆ ਹੈ ਜਦਕਿ ਸਰਦੂਲਗੜ੍ਹ ਤੋਂ ਛੋਟਾ ਸਿੰਘ ਮੀਆਂ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਸੰਯੁਕਤ ਸਮਾਜ ਮੋਰਚੇ ਵੱਲੋਂ ਮੰਗਲਵਾਰ ਨੂੰ 20 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਗਈ ਸੀ। ਇਸ ਸੂਚੀ ਵਿੱਚ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਦਾ ਨਾਮ ਸ਼ਾਮਲ ਨਾ ਹੋਣ ’ਤੇ ਸਭ ਨੂੰ ਹੈਰਾਨੀ ਹੋਈ ਹੈ ਕਿਉਂਕਿ ਰੁਲਦੂ ਸਿੰਘ ਮਾਨਸਾ ਤੋਂ ਚੋਣ ਲੜਨ ਲਈ ਬਕਾਇਦਾ ਰੂਪ ਵਿੱਚ ਐਲਾਨ ਕਰ ਚੁੱਕੇ ਸਨ ਤੇ ਸਰਦੂਲਗੜ੍ਹ ਦੀ ਸੀਟ ਭਾਰਤੀ ਕਿਸਾਨ ਯੂਨੀਅਨ (ਮਾਨਸਾ) ਦੇ ਸੂਬਾ ਪ੍ਰਧਾਨ ਬੋਘ ਸਿੰਘ ਦੇ ਹਿੱਸੇ ਆਈ ਦੱਸੀ ਜਾ ਰਹੀ ਸੀ ਪਰ ਉੱਥੋਂ ਨਵੇਂ ਉਮੀਦਵਾਰ ਦਾ ਨਾਮ ਸੂਚੀ ਵਿੱਚ ਆਉਣ ਮਗਰੋਂ ਹੁਣ ਕਿਆਸਅਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ।
