ਕਿਸਾਨ ਮਜ਼ਦੂਰ ਜਥੇਬੰਦੀ ਦੀ ਬਿਜਲੀ ਮੰਤਰੀ ਹਰਭਜਨ ਸਿੰਘ ਨਾਲ ਹੋਈ ਅਹਿਮ ਮੀਟਿੰਗ, ਰੱਖੀ ਇਹ ਮੰਗ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਹੇਠ ਜੱਥੇਬੰਦੀ ਦੇ ਵਫ਼ਦ ਵੱਲੋਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਦਿੱਤੇ ਹੋਏ ਮੰਗ ਪੱਤਰ ਤੇ ਮੀਟਿੰਗ ਹੋਈ। ਇਹ ਮੀਟਿੰਗ ਲਗਭਗ 1 ਘੰਟਾ ਚੱਲੀ ਅਤੇ ਇਸ ਤੇ ਖੁੱਲ੍ਹ ਕੇ ਵਿਚਾਰ ਚਰਚਾ ਹੋਈ।

ਇਸ ਬੈਠਕ ਵਿੱਚ ਚੀਫ਼ ਪਾਰਵਕਾਮ ਬਾਲ ਕ੍ਰਿਸ਼ਨ, ਡਿਪਟੀ ਚੀਫ ਜਤਿੰਦਰ ਸਿੰਘ, ਖੇਤੀਬਾੜੀ ਚੀਫ ਅੰਮ੍ਰਿਤਸਰ ਅਤੇ ਡੀਆਰਓ ਸਮੇਤ ਹੋਰ ਅਧਿਕਾਰੀ ਤੇ ਕਿਸਾਨ ਆਗੂ ਰਣਜੀਤ ਸਿੰਘ ਕਲੇਰਬਾਲਾ ਹਾਜ਼ਰ ਸਨ। ਬੈਠਕ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਖੇਤੀ ਮੋਟਰਾਂ ਲਈ 1200 VDS ਪ੍ਰਤੀ ਹਾਰਸ ਪਾਵਰ ਲਾਗੂ ਕਰਨ ਦੀ ਮੰਗ ਕੀਤੀ ਗਈ। ਮੰਗ ਨੂੰ ਮੰਨਦਿਆਂ ਬਿਜਲੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਇਹ ਮੰਗ ਜਲਦੀ ਪੂਰੀ ਕੀਤੀ ਜਾਵੇਗੀ।
ਸਰਕਾਰ ਵੱਲੋਂ ਐਲਾਨ ਕੀਤੀ ਗਈ 300 ਯੂਨਿਟ ਮੁਆਫ਼ੀ ਬਾਰੇ ਕਿਹਾ ਗਿਆ ਕਿ 1 ਜੁਲਾਈ ਤੋਂ ਇਹ ਮੰਗ ਪੂਰੀ ਤਰ੍ਹਾਂ ਲਾਗੂ ਕੀਤੀ ਜਾਵੇਗੀ ਤੇ ਬਗੈਰ ਸ਼ਰਤ ਸਾਰੇ ਵਰਗਾਂ ਨੂੰ ਸਹੂਲਤ ਦਿੱਤੀ ਜਾਵੇਗੀ। ਪਾਵਰਕਾਮ ਵਿੱਚ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕਰਨ ਲਈ 1690 ਨਵੀਆਂ ਭਰਤੀਆਂ ਕਰਨ ਦਾ ਭਰੋਸਾ ਦਿੱਤਾ ਗਿਆ।
ਉਹਨਾਂ ਕਿਹਾ ਕਿ 26 ਜੂਨ ਤੋਂ ਝੋਨੇ ਦੀ ਲਵਾਈ ਕਾਰਨ ਅਕਤੂਬਰ ਵਿੱਚ ਝੋਨਾ ਲੇਟ ਪੱਕਣ ਨਾਲ ਜਦ ਮੰਡੀ ਵਿੱਚ ਆਵੇਗਾ ਤਾਂ ਮੌਸਮ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਝੋਨਾ ਦੀ ਖਰੀਦ ਵਿੱਚ ਵੱਡੀ ਮੁਸ਼ਕਿਲ ਆਵੇਗੀ। 10 ਦਿਨ ਅਗੇਤਾ ਝੋਨਾ ਲਾਉਣ ਬਾਰੇ ਸਰਕਾਰ ਮੰਗ ਮੰਨੇ।
ਮੰਤਰੀ ਵੱਲੋਂ ਕਿਸਾਨਾਂ ਦੀਆਂ ਹੋਰ ਮੰਗਾਂ ਮੰਨਣ ਦਾ ਵੀ ਭਰੋਸਾ ਦਿੱਤਾ ਗਿਆ ਜਿਵੇਂ ਸੜੇ ਟ੍ਰਾਂਸਫਾਰਮਰ ਦੀ ਸ਼ਿਕਾਇਤ ਮਹਿਕਮਾ ਖੁਦ ਕਰੇਗਾ, ਦਫ਼ਤਰਾਂ ਵਿੱਚ ਜਨਤਾ ਦੀ ਖੱਜਲ ਖੁਆਰੀ ਬੰਦ ਕੀਤੀ ਜਾਵੇਗੀ, ਖੇਤੀ ਫੀਡਰਾਂ ਦਾ ਕੰਮ ਮੁਕੰਮਲ ਕਰਕੇ ਝੋਨੇ ਦੇ ਸੀਜ਼ਨ ਵਿੱਚ ਬਿਜਲੀ ਸਪਲਾਈ ਨਿਰਵਿਘਨ ਦਿੱਤੀ ਜਾਵੇਗੀ।
