News

ਕਿਸਾਨ ਤਰੀਕ ਦੱਸਣ, ਸਰਕਾਰ ਗੱਲ ਕਰਨ ਲਈ ਤਿਆਰ: ਖੇਤੀ ਮੰਤਰੀ ਨਰਿੰਦਰ ਤੋਮਰ

ਕਿਸਾਨੀ ਅੰਦੋਲਨ ਨੂੰ ਲੈ ਕੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਕ ਵਾਰ ਫਿਰ ਕਿਹਾ ਹੈ ਕਿ ਸਰਕਾਰ ਗੱਲ ਕਰਨ ਨੂੰ ਤਿਆਰ ਹੈ। ਤੋਮਰ ਨੇ ਸੋਮਵਾਰ ਨੂੰ ਕਿਹਾ ਸੀ ਕਿ ਦੋ ਦਿਨ ਪਹਿਲਾਂ ਕਿਸਾਨਾਂ ਨੂੰ ਗੱਲਬਾਤ ਲਈ ਚਿੱਠੀ ਭੇਜੀ ਗਈ ਸੀ। ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ।

ਜੇ ਉਹ ਗੱਲ ਕਰਨਾ ਚਾਹੁੰਦੇ ਹਨ ਤਾਂ ਤਰੀਕ ਤੈਅ ਕਰਨ, ਉਹ ਗੱਲ ਕਰਨ ਲਈ ਤਿਆਰ ਹਨ। ਖੇਤੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਪ੍ਰਤੀ ਸਰਕਾਰ ਦੀ ਨੀਅਤ ਵਿੱਚ ਕੋਈ ਖੋਟ ਨਹੀਂ ਹੈ। ਉਹ ਪੂਰੀ ਮਜ਼ਬੂਤੀ ਨਾਲ ਨਵੇਂ ਕਾਨੂੰਨਾਂ ਨਾਲ ਜੁੜੇ ਲਾਭ ਦਸ ਰਹੇ ਹਨ। ਉਹਨਾਂ ਨੂੰ ਆਸ ਹੈ ਕਿ ਕਿਸਾਨ ਉਹਨਾਂ ਦੀ ਗੱਲ ਸਮਝਣਗੇ।

ਤੋਮਰ ਨੇ ਕਿਹਾ ਕਿ ਨਵੇਂ ਕਾਨੂੰਨਾਂ ਦਾ ਮਿਨੀਮਮ ਸਪੋਰਟ ਪ੍ਰਾਈਜ਼ ਨਾਲ ਕੋਈ ਵਾਸਤਾ ਨਹੀਂ ਹੈ। ਐਮਐਸਪੀ ਇਕ ਪ੍ਰਸ਼ਾਸਨਿਕ ਫ਼ੈਸਲਾ ਹੈ। ਉਹਨਾਂ ਨੇ ਖੁਦ ਸੰਸਦ ਭਵਨ ਵਿੱਚ ਕਿਹਾ ਹੈ ਕਿ ਉਹ ਐਮਐਸਪੀ ਦੀ ਵਿਵਸਥਾ ਜਾਰੀ ਰੱਖਣਗੇ। ਪ੍ਰਧਾਨ ਮੰਤਰੀ ਕਈ ਵਾਰ ਕਹਿ ਚੁੱਕੇ ਹਨ ਕਿ ਐਮਐਸਪੀ ਜਾਰੀ ਰਹੇਗੀ।

ਤੋਮਰ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਨੇ ਡੇਢ ਗੁਣਾ ਜ਼ਿਆਦਾ ਐਮਐਸਪੀ ਵਧਾਈ ਹੈ। ਜੇ ਜੱਥੇਬੰਦੀਆਂ ਕੋਲ ਕੋਈ ਸੁਝਾਅ ਹੈ ਤਾਂ ਸਰਕਾਰ ਗੱਲ ਕਰਨ ਨੂੰ ਤਿਆਰ ਹੈ। ਦਸ ਦਈਏ ਕਿ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਰਾਜਧਾਨੀ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਐਤਵਾਰ ਨੂੰ ਸੱਦਾ ਦਿੱਤਾ ਅਤੇ ਕਿਹਾ ਕਿ ਉਹ ਇਸ ਦੀ ਤਰੀਕ ਤੈਅ ਕਰੋ।

ਸਰਕਾਰ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿੱਚ ਪਹਿਲੇ ਜਿਹੜੀਆਂ ਸੋਧਾਂ ਦਾ ਪ੍ਰਸਤਾਵ ਦਿੱਤਾ ਗਿਆ ਸੀ ਉਹਨਾਂ ਨੂੰ ਲੈ ਕੇ ਜਿਹੜੀਆਂ ਚਿੰਤਾਵਾਂ ਹਨ ਜੱਥੇਬੰਦੀਆਂ ਉਹ ਵੀ ਦੱਸਣ। ਕੇਂਦਰੀ ਖੇਤੀ ਅਤੇ ਕਿਸਾਨ ਕਲਿਆਣ ਵਿਭਾਗ ਦੇ ਸੰਯੁਕਤ ਸਕੱਤਰ ਵਿਵੇਕ ਅਗਰਵਾਲ ਨੇ ਇਸ ਸੰਦਰਭ ਵਿੱਚ 40 ਕਿਸਾਨ ਜੱਥੇਬੰਦੀਆਂ ਨੂੰ ਪੱਤਰ ਲਿਖਿਆ ਹੈ।

ਇਹਨਾਂ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਕਿਸਾਨਾਂ ਦੀਆਂ ਸਾਰੀਆਂ ਚਿੰਤਾਵਾਂ ਦਾ ਉਚਿਤ ਹੱਲ ਕੱਢਣ ਲਈ ‘ਖੁੱਲ੍ਹੇ ਮਨ’ ਨਾਲ ਹਰ ਸੰਭਵ ਯਤਨ ਕਰ ਰਿਹਾ ਹੈ। ਸਰਕਾਰ ਨਾਲ ਕਿਸਾਨਾਂ ਦੀ ਹੁਣ ਤਕ ਪੰਜ ਵਾਰ ਗੱਲਬਾਤ ਹੋ ਚੁੱਕੀ ਹੈ ਜੋ ਕਿ ਅਸਫ਼ਲ ਰਹੀ ਹੈ।

ਕਿਸਾਨ ਜੱਥੇਬੰਦੀਆਂ ਦੀ ਇਕ ਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਬੈਠਕ ਹੋ ਚੁੱਕੀ ਹੈ ਪਰ ਉਹਨਾਂ ਦਾ ਨਤੀਜਾ ਵੀ ਜ਼ੀਰੋ ਰਿਹਾ ਹੈ। ਅਗਰਵਾਲ ਨੇ ਕਿਹਾ ਕਿ ਸਰਕਾਰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਅਗਲੀ ਬੈਠਕ ਬੁਲਾਉਣਾ ਚਾਹੁੰਦੀ ਹੈ ਤਾਂ ਕਿ ਪ੍ਰਦਰਸ਼ਨ ਜਲਦ ਤੋਂ ਜਲਦ ਖ਼ਤਮ ਹੋ ਸਕੇ।

ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੁਆਰਾ ਚੁੱਕੇ ਗਏ ਸਾਰੇ ਮੁੱਦਿਆਂ ਦੇ ਹੱਲ ਲਈ ਖੁੱਲ੍ਹੇ ਮਨ ਨਾਲ ਹਰ ਸੰਭਵ ਯਤਨ ਕਰ ਰਹੀ ਹੈ।  

Click to comment

Leave a Reply

Your email address will not be published. Required fields are marked *

Most Popular

To Top