ਕਿਸਾਨ ਜੱਥੇਬੰਦੀਆਂ ਵੱਲੋਂ ਸਿਆਸੀ ਮੈਦਾਨ ਵਿੱਚ ਕੁੱਦਣ ਨੂੰ ਲੈ ਕੇ ਨਵਜੋਤ ਸਿੱਧੂ ਨੇ ਕਹੀ ਵੱਡੀ ਗੱਲ

ਕਿਸਾਨ ਜੱਥੇਬੰਦੀਆਂ ਵੱਲੋਂ ਸਿਆਸੀ ਪਾਰਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤੇ ਹੁਣ ਨਵਜੋਤ ਸਿੱਧੂ ਦਾ ਬਿਆਨ ਵੀ ਸਾਹਮਣਾ ਆਇਆ ਹੈ। ਸਿੱਧੂ ਨੇ ਕਿਹਾ ਕਿ ਉਹ ਕਿਸਾਨਾਂ ਤੇ ਕਿਸਾਨੀ ਦਾ ਬਹੁਤ ਸਤਿਕਾਰ ਕਰਦੇ ਹਨ। ਇਸ ਲਈ ਇਹ ਉਹਨਾਂ ਦਾ ਹੱਕ ਵੀ ਹੈ।

ਉਹਨਾਂ ਕਿਹਾ ਕਿ ਉਹ ਪਹਿਲੇ ਲੀਡਰ ਸਨ ਜਿਹਨਾਂ ਨੇ ਕਿਸਾਨਾਂ ਨੂੰ ਇਹ ਕਿਹਾ ਸੀ ਕਿ ਉਹ ਆਪਣੀ ਗੱਲ ਮਨਵਾਉਣ ਲਈ ਚੋਣ ਲੜ ਲੈਣ ਜਾਂ ਕਿਸੇ ਪਾਰਟੀ ਕੋਲੋਂ ਆਪਣੀਆਂ ਗੱਲਾਂ ਮਨਵਾ ਲੈਣ। ਮਕਸਦ ਤਾਂ ਇਹ ਹੈ ਕਿ ਕਿਸਾਨਾਂ ਨੂੰ ਇੱਜ਼ਤ ਦੀ ਰੋਟੀ ਮਿਲੇ। ਦੱਸ ਦਈਏ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਅੱਜ ਬਟਾਲਾ ਵਿੱਚ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸੀ।
ਉਹਨਾਂ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਮਾਡਲ ਦੀ ਗੱਲ ਕੀਤੀ। ਉਹਨਾਂ ਨੇ ਬਟਾਲਾ ਦੇ ਸਾਬਕਾ ਵਿਧਾਇਕ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਸ਼ਵਨੀ ਸੇਖੜੀ ਦੇ ਹੱਕ ਵਿੱਚ ਨਿੱਤਰਦੇ ਹੋਏ ਕਿਹਾ ਕਿ ਬਟਾਲਾ ਤੋਂ ਅਸ਼ਵਨੀ ਸੇਖੜੀ ਹੀ ਅਗਲੇ ਉਮੀਦਵਾਰ ਹੋਣਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਕਾਂਗਰਸ ਪਾਰਟੀ ਦਾ ਹੀ ਇੱਕ ਪੱਖ ਹੈ ਜੋ ਕਿ ਉਮੀਦਵਾਰ ਜਿਸ ਹਲਕੇ ਵਿੱਚ ਪਿਛਲੇ ਸਮੇਂ ਵਿੱਚ ਕੰਮ ਕਰ ਰਿਹਾ ਹੈ ਜਾਂ ਜਿੱਤਿਆ ਸੀ, ਉਹੀ ਉਮੀਦਵਾਰ ਉਸੇ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ ਤੇ ਬਾਹਰੀ ਹਲਕੇ ਤੋਂ ਕੋਈ ਅਦਲਾ-ਬਦਲੀ ਨਹੀਂ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਲੋਕ ਹੀ ਤੈਅ ਕਰਨਗੇ ਕਿ ਮੁੱਖ ਮੰਤਰੀ ਕੌਣ ਹੋਵੇਗਾ।
