ਕਿਸਾਨ ਜੱਥੇਬੰਦੀਆਂ ਅੱਜ ਲੈਣਗੀਆਂ ਇਹ ਫ਼ੈਸਲਾ, ਕੇਂਦਰ ਸਰਕਾਰ ਦੀ ਚਿੱਠੀ ’ਤੇ ਹੋਵੇਗੀ ਵਿਚਾਰ

ਖੇਤੀ ਕਾਨੂੰਨਾਂ ਨੂੰ ਲੈ ਕੇ ਭਾਰਤ ਦੇ ਕਿਸਾਨ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ। ਕੇਂਦਰ ਸਰਕਾਰ ਵੱਲੋਂ ਗੱਲਬਾਤ ਲਈ ਭੇਜੀ ਗਈ ਚਿੱਠੀ ਤੇ ਕਿਸਾਨ ਜੱਥੇਬੰਦੀਆਂ ਅੱਜ ਫ਼ੈਸਲਾ ਲੈਣਗੀਆਂ। ਮੰਗਲਵਾਰ ਸਹਿਮਤੀ ਨਾ ਹੋਣ ਕਾਰਨ ਅੱਜ ਸਵੇਰੇ 11 ਵਜੇ ਸਿੰਘੂ ਬਾਰਡਰ ਤੇ ਇਕ ਵਾਰ ਫਿਰ ਤੋਂ ਬੈਠਕ ਹੋਵੇਗੀ।

ਇਸ ਦਰਮਿਆਨ ਕਿਸਾਨ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੀ ਮੰਗ ਤੇ ਅੜੇ ਹੋਏ ਹਨ। ਵੱਖ ਵੱਖ ਸਰਹੱਦਾਂ ਤੇ ਕਿਸਾਨਾਂ ਦੀ ਭੁੱਖ ਹੜਤਾਲ ਜਾਰੀ ਹੈ। ਭੁੱਖ ਹੜਤਾਲ ਦਾ ਅੱਜ ਤੀਜਾ ਦਿਨ ਹੈ। ਕਿਸਾਨ ਜੱਥੇਬੰਦੀਆਂ ਨੇ ਦੇਸ਼ ਦੇ ਕਿਸਾਨਾਂ ਤੋਂ ਅੱਜ ਇਕ ਵਕਤ ਭੋਜਨ ਨਾ ਖਾਣ ਦੀ ਅਪੀਲ ਕੀਤੀ ਹੈ।
ਓਧਰ ਸਿੰਘੂ ਬਾਰਡਰ ‘ਤੇ ਬਲੱਡ ਡੋਨੇਸ਼ਨ ਕੈਂਪ ‘ਚ ਕਿਸਾਨ ਖੂਨ ਦਾਨ ਕਰ ਰਹੇ ਹਨ। ਇਹ ਖੂਨ ਮਰੀਜ਼ਾਂ ਦੇ ਇਸਤੇਮਾਲ ਕਰਨ ਲਈ ਪੰਜਾਬ ਦੇ ਹਸਪਤਾਲਾਂ ਨੂੰ ਭੇਜਿਆ ਜਾ ਰਿਹਾ ਹੈ। ਨਾਲ ਹੀ ਖੂਨ ਦੇਣ ਵਾਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਆਪਣੇ ਖੂਨ ਨਾਲ ਪੱਤਰ ਵੀ ਲਿਖ ਰਹੇ ਹਨ।
ਦਸ ਦਈਏ ਕਿ ਕਰੀਬ ਇੱਕ ਮਹੀਨਾ ਹੀ ਹੋਣ ਵਾਲਾ ਹੈ ਤੇ ਕਿਸਾਨ ਲਗਾਤਾਰ ਦਿੱਲੀ ਦੀਆਂ ਸਰਹੱਦਾਂ ਤੇ ਡੇਰਾ ਲਾਈ ਬੈਠੇ ਹਨ। ਫਿਲਹਾਲ ਇਸ ਮਸਲੇ ਦਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ।
ਕਿਸਾਨਾਂ ਤੇ ਕੇਂਦਰ ਵਿਚਾਲੇ ਪਿਛਲੀਆਂ ਪੰਜ ਬੈਠਕਾਂ ਬੇਸਿੱਟਾ ਰਹਿ ਚੁੱਕੀਆਂ ਹਨ। ਦੋਨੋਂ ਧਿਰਾਂ ਦੀ ਕਿਸੇ ਵੀ ਠੋਸ ਨਤੀਜੇ ਤੇ ਸਹਿਮਤੀ ਨਹੀਂ ਬਣੀ। ਹੁਣ ਛੇਵੇਂ ਗੇੜ ਦੀ ਮੀਟਿੰਗ ਤੇ ਚਰਚਾ ਚੱਲ ਰਹੀ ਹੈ ਪਰ ਹਾਲੇ ਤੱਕ ਕੋਈ ਤਾਰੀਖ ਤੈਅ ਨਹੀਂ ਹੋਈ।
